ਸਨੌਰ, 17 ਨਵੰਬਰ (ਜਪਅਨੰਤਪ੍ਰੀਤ ਸਿੰਘ)
ਸਨੌਰ ਤੋਂ ਲਲੀਨਾ ਅਤੇ ਇਸ ਨਾਲ ਜੁੜਦੇ ਕਈ ਪਿੰਡਾਂ ਨੂੰ ਲਗਦੀ ਸੜਕ ਦੀ ਬਦਹਾਲ ਹਾਲਤ ਲੰਮੇ ਸਮੇਂ ਤੋਂ ਖੇਤਰ ਵਾਸੀਆਂ ਲਈ ਚਿੰਤਾ ਦਾ ਕਾਰਣ ਬਣੀ ਹੋਈ ਹੈ। ਸੜਕ ‘ਤੇ ਜਗ੍ਹਾ-ਜਗ੍ਹਾ ਪਏ ਖੱਡੇ, ਟੁੱਟੇ ਹਿੱਸੇ ਨਾ ਸਿਰਫ਼ ਯਾਤਰੀਆਂ ਦੀ ਮੁਸੀਬਤ ਵਧਾ ਰਹੀਆਂ ਹਨ, ਸਗੋਂ ਹਾਦਸਿਆਂ ਦੇ ਖ਼ਤਰੇ ਨੂੰ ਵੀ ਹਰ ਰੋਜ਼ ਵਧਾ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਸ਼ਿਕਾਇਤਾਂ ਦਰਜ ਕਰਵਾਉਣ ਦੇ ਬਾਵਜੂਦ, ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਪੱਕਾ ਕਦਮ ਨਹੀਂ ਚੁੱਕਿਆ ਗਿਆ। ਇਸ ਗੰਭੀਰ ਮਸਲੇ ਨੂੰ ਲੈ ਕੇ ਕਿਸਾਨ ਆਗੂ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਅਧਿਕਾਰੀ ਜ਼ਮੀਨੀ ਹਕ਼ੀਕਤ ਤੋਂ ਪੂਰੀ ਤਰ੍ਹਾਂ ਬੇਖ਼ਬਰ ਹਨ। ਉਨ੍ਹਾਂ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਸੜਕ ਦੀ ਮੁਰੰਮਤ ਦੀ ਮੰਗ ਕੀਤੀ ਗਈ, ਪਰ ਨਤੀਜੇ ਵਜੋਂ ਸਿਰਫ਼ ਖਾਲੀ ਭਰੋਸੇ ਹੀ ਮਿਲੇ ਹਨ। ਡਾ. ਬਲਵਿੰਦਰ ਸਿੰਘ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਪ੍ਰਸ਼ਾਸਨ ਨੂੰ ਹੁਣ ਆਪਣੀ "ਨੀਂਦ ਤੋਂ ਜਾਗਣਾ" ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਹਰ ਰੋਜ਼ ਸਕੂਲਾਂ ਦੇ ਬੱਚੇ, ਦਫ਼ਤਰ ਜਾਣ ਵਾਲੇ ਕਰਮਚਾਰੀ, ਕਿਸਾਨ ਅਤੇ ਆਮ ਲੋਕ ਇਸ ਸੜਕ ਰਾਹੀਂ ਸਫਰ ਕਰਦੇ ਹਨ ਅਤੇ ਸੜਕ ਦੀ ਖਰਾਬ ਹਾਲਤ ਕਾਰਨ ਅਕਸਰ ਛੋਟੇ-ਵੱਡੇ ਹਾਦਸੇ ਵੀ ਹੁੰਦੇ ਰਹਿੰਦੇ ਹਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਸੜਕ ਦੀ ਮੁਰੰਮਤ ਲਈ ਕਦਮ ਨਾ ਚੁੱਕਿਆ ਗਿਆ ਤਾਂ ਲੋਕਾਂ ਦੇ ਗੁੱਸੇ ਅਤੇ ਰੋਸ ਰੂਪ ਵਿਚ ਲੋੜੀਂਦੀ ਕਾਰਵਾਈ ਕਰਨ ਲਈ ਮਜ਼ਬੂਰ ਹੋ ਜਾਣਗੇ। ਇਲਾਕਾ ਵਾਸੀਆਂ ਦਾ ਵੀ ਕਹਿਣਾ ਹੈ ਕਿ ਸੜਕ ਦੀ ਖਰਾਬ ਹਾਲਤ ਕਰਕੇ ਐਂਬੂਲੈਂਸ ਅਤੇ ਐਮਰਜੈਂਸੀ ਸੇਵਾਵਾਂ ਨੂੰ ਵੀ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਬਦਹਾਲ ਸੜਕ ਦੀ ਤੁਰੰਤ ਮੁਰੰਮਤ ਕਰਕੇ ਖੇਤਰ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ।


0 Comments