ਜਲੰਧਰ, 12 ਨਵੰਬਰ (ਜਪਅਨੰਤਪ੍ਰੀਤ ਸਿੰਘ)
ਜਲੰਧਰ ਸ਼ਹਿਰ ਦੇ ਕਾਲਾ ਸੰਘਿਆ ਰੋਡ ’ਤੇ ਬੁੱਧਵਾਰ ਸ਼ਾਮ ਇੱਕ ਅਣਚਾਹੀ ਘਟਨਾ ਵਿੱਚ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 72 ਸਾਲਾ ਹਰੀਸ਼ ਚੰਦਰ ਵਜੋਂ ਹੋਈ ਹੈ, ਜੋ ਅਮਨ ਐਨਕਲੇਵ ਕਲੋਨੀ ਵਿੱਚ ਰਹਿੰਦਾ ਸੀ। ਜਾਣਕਾਰੀ ਅਨੁਸਾਰ ਹਰੀਸ਼ ਚੰਦਰ ਆਪਣੀ ਲਾਇਸੈਂਸੀ 12 ਬੋਰ ਰਾਈਫਲ ਸਾਫ ਕਰ ਰਿਹਾ ਸੀ ਕਿ ਇਸ ਦੌਰਾਨ ਰਾਈਫਲ ਅਚਾਨਕ ਚੱਲ ਗਈ। ਗੋਲੀ ਸਿੱਧੀ ਉਸਨੂੰ ਲੱਗੀ ਅਤੇ ਉਹ ਮੌਕੇ ’ਤੇ ਹੀ ਢੇਰ ਹੋ ਗਿਆ।
ਘਟਨਾ ਦੀ ਸੂਚਨਾ ਮਿਲਣ ’ਤੇ ਭਾਰਗਵ ਕੈਂਪ ਥਾਣੇ ਦੀ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਏਸੀਪੀ ਵੈਸਟ ਸਰਵਨਜੀਤ ਸਿੰਘ ਨੇ ਕਿਹਾ ਕਿ ਮੁੱਢਲੇ ਤੌਰ ’ਤੇ ਇਹ ਇਕ ਹਾਦਸਾ ਹੀ ਲੱਗਦਾ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ।
0 Comments