ਤਹਿਰਾਨ (ਈਰਾਨ), 12 ਨਵੰਬਰ (ਜਪਅਨੰਤਪ੍ਰੀਤ ਸਿੰਘ)
ਦਿੱਲੀ ਦੇ ਪ੍ਰਤੀਕ ਲਾਲ ਕਿਲ੍ਹੇ ਨੇੜੇ ਸੋਮਵਾਰ ਸ਼ਾਮ ਹੋਏ ਭਿਆਨਕ ਧਮਾਕੇ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ ਹੈ। ਇਸ ਦੁਖਦਾਈ ਘਟਨਾ ਵਿੱਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ।
ਇਸ ਘਟਨਾ ’ਤੇ ਈਰਾਨ ਨੇ ਭਾਰਤ ਨਾਲ ਗਹਿਰੀ ਸੰਵੇਦਨਾ ਪ੍ਰਗਟ ਕੀਤੀ ਹੈ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਕਾਈ ਨੇ ਕਿਹਾ ਕਿ, “ਈਰਾਨ ਦੇ ਇਸਲਾਮੀ ਗਣਰਾਜ ਵਲੋਂ ਭਾਰਤ ਦੀ ਸਰਕਾਰ, ਲੋਕਾਂ ਅਤੇ ਖ਼ਾਸ ਤੌਰ ’ਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਜਾਂਦੀ ਹੈ।” ਉਨ੍ਹਾਂ ਨੇ ਧਮਾਕੇ ਵਿਚ ਜ਼ਖ਼ਮੀ ਹੋਏ ਲੋਕਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ।
ਈਰਾਨ ਵਲੋਂ ਆਇਆ ਇਹ ਸੰਵੇਦਨਾ ਭਰਿਆ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਵਿਸ਼ਵ ਭਰ ਦੇ ਕਈ ਦੇਸ਼ਾਂ ਨੇ ਭਾਰਤ ਨਾਲ ਏਕਤਾ ਪ੍ਰਗਟ ਕਰਦਿਆਂ ਦਹਿਸ਼ਤਗਰਦੀ ਦੇ ਖ਼ਿਲਾਫ਼ ਇਕੱਠੇ ਹੋਣ ਦੀ ਅਪੀਲ ਕੀਤੀ ਹੈ।
ਇਸ ਘਟਨਾ ਨੇ ਫਿਰ ਸਾਬਤ ਕੀਤਾ ਹੈ ਕਿ ਦਹਿਸ਼ਤਗਰਦੀ ਸਿਰਫ਼ ਇੱਕ ਦੇਸ਼ ਨਹੀਂ, ਸਗੋਂ ਪੂਰੀ ਮਨੁੱਖਤਾ ਵਿਰੁੱਧ ਖ਼ਤਰਾ ਹੈ, ਜਿਸਦੇ ਖ਼ਿਲਾਫ਼ ਵਿਸ਼ਵ ਪੱਧਰ ’ਤੇ ਸਾਂਝੀ ਜੰਗ ਲੜੀ ਜਾਣੀ ਚਾਹੀਦੀ ਹੈ।
PEHAR TV

0 Comments