ਸਨੌਰ, 20 ਮਾਰਚ (ਜਪਅਨੰਤਪ੍ਰੀਤ ਸਿੰਘ )
ਦੇਸ਼ ਭਰ ਵਿੱਚ ਆਲੂ ਉਗਾਉਣ ਵਾਲੇ ਕਿਸਾਨ ਇਸ ਸਮੇਂ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਮੰਡੀਆਂ ਵਿੱਚ ਆਲੂਆਂ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਆਈ ਹੈ, ਜਿਸ ਕਾਰਨ ਕਿਸਾਨਾਂ ਨੂੰ ਆਪਣੀ ਲਾਗਤ ਵੀ ਵਾਪਸ ਨਹੀਂ ਮਿਲ ਰਹੀ। ਕਾਂਗਰਸ ਪਾਰਟੀ ਦੇ ਕਿਸਾਨ ਵਿੰਗ ਦੇ ਮੀਤ ਪ੍ਰਧਾਨ ਦਲਵਿੰਦਰ ਸਿੰਘ ਧੰਜੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਲੂਆਂ ‘ਤੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਲਾਗੂ ਨਾ ਕਰਨ ਕਾਰਨ ਕਿਸਾਨਾਂ ਨੂੰ ਵੱਡਾ ਨੁਕਸਾਨ ਝੇਲਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਥਾਵਾਂ ‘ਤੇ ਆਲੂ ਸਿਰਫ਼ 2 ਤੋਂ 4 ਰੁਪਏ ਪ੍ਰਤੀ ਕਿਲੋ ਦੇ ਭਾਅ ‘ਤੇ ਵਿਕ ਰਹੇ ਹਨ, ਜਦਕਿ ਬੀਜ, ਖਾਦ, ਕੀਟਨਾਸ਼ਕ ਅਤੇ ਮਜ਼ਦੂਰੀ ਦੇ ਵਧ ਰਹੇ ਖਰਚਿਆਂ ਕਾਰਨ ਉਤਪਾਦਨ ਲਾਗਤ ਇਸ ਤੋਂ ਕਾਫੀ ਵੱਧ ਹੈ। ਉਨ੍ਹਾਂ ਕਿਹਾ ਕਿ ਹਾਲਾਤ ਇੰਨੇ ਗੰਭੀਰ ਹੋ ਚੁੱਕੇ ਹਨ ਕਿ ਕਈ ਕਿਸਾਨ ਆਪਣੇ ਆਲੂ ਸੜਕਾਂ ‘ਤੇ ਸੁੱਟਣ ਲਈ ਮਜਬੂਰ ਹੋ ਰਹੇ ਹਨ, ਕਿਉਂਕਿ ਮੰਡੀ ਤੱਕ ਲਿਜਾਣ ਦਾ ਖਰਚਾ ਵੀ ਕਈ ਵਾਰ ਵੇਚਣ ਨਾਲੋਂ ਵੱਧ ਪੈ ਜਾਂਦਾ ਹੈ। ਧੰਜੂ ਨੇ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਆਲੂਆਂ ਲਈ ਤੁਰੰਤ ਐਮਐਸਪੀ ਲਾਗੂ ਕਰਕੇ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇ, ਤਾਂ ਜੋ ਕਿਸਾਨਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਕੋਲਡ ਸਟੋਰੇਜ ‘ਤੇ ਸਬਸਿਡੀ ਦਿੱਤੀ ਜਾਵੇ ਅਤੇ ਪ੍ਰੋਸੈਸਿੰਗ ਉਦਯੋਗ ਨੂੰ ਵਧਾਵਾ ਦਿੱਤਾ ਜਾਵੇ, ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਦਾ ਉਚਿਤ ਮੁੱਲ ਮਿਲ ਸਕੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਜਲਦੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਵੀ ਬਿਗੜ ਸਕਦੀ ਹੈ ਅਤੇ ਇਸਦਾ ਵੱਡਾ ਅਸਰ ਖੇਤੀਬਾੜੀ ਖੇਤਰ ‘ਤੇ ਪਵੇਗਾ।
Pehar TV ਪਹਿਰ ਟੀਵੀ
© Pehar TV | All Rights Reserved
0 Comments