ਸਿਆਸੀ ਡੈਸਕ 22 ਮਾਰਚ (ਪਹਿਰ ਟੀਵੀ ਬਿਓਰੋ)
ਹਲਕਾ ਸਨੌਰ ਵਿੱਚ ਆਮ ਆਦਮੀ ਪਾਰਟੀ ਅੰਦਰੂਨੀ ਖਿੱਚਤਾਣ ਨੂੰ ਲੈ ਕੇ ਮੁੜ ਚਰਚਾ ਵਿੱਚ ਆ ਗਈ ਹੈ। ਸੂਤਰਾਂ ਦੇ ਹਵਾਲਿਆਂ ਨਾਲ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਵਿਚਾਲੇ ਤਕਰਾਰ ਦਾ ਮਾਮਲਾ ਇੰਨਾ ਵੱਧ ਗਿਆ ਕਿ ਇਹ ਮਸਲਾ ਦਿੱਲੀ ਦਰਬਾਰ ਤੱਕ ਪਹੁੰਚਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਪਹਿਲਾਂ ਹੀ ਹਲਕਾ ਸਨੌਰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨਾਲ ਜੁੜੀਆਂ ਚਰਚਾਵਾਂ ਕਾਰਨ ਖਬਰਾਂ ਵਿੱਚ ਰਹਿ ਚੁੱਕਾ ਹੈ। ਇਸ ਤੋਂ ਬਾਅਦ ਪਾਰਟੀ ਵੱਲੋਂ ਰਣਜੋਧ ਸਿੰਘ ਹਡਾਣਾ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ, ਜਿਸ ਨਾਲ ਸੰਗਠਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਰਣਜੋਧ ਸਿੰਘ ਹਡਾਣਾ ਵੱਲੋਂ ਹਲਕੇ ਵਿੱਚ ਲਗਭਗ 50 ਦੇ ਕਰੀਬ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ, ਜਿਸਨੂੰ ਪਾਰਟੀ ਵੱਲੋਂ ਵੱਡੀ ਉਪਲਬਧੀ ਵਜੋਂ ਪੇਸ਼ ਕੀਤਾ ਗਿਆ। ਪਰ ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਇਸ ਮਾਮਲੇ ਨੂੰ ਲੈ ਕੇ ਤੰਜ ਕੱਸਦੇ ਹੋਏ ਕਿਹਾ ਕਿ ਨੀਂਹ ਪੱਥਰ ਤਾਂ ਰੱਖ ਦਿੱਤੇ ਗਏ ਹਨ, ਪਰ ਹਕੀਕਤ ਵਿੱਚ ਜ਼ਿਆਦਾਤਰ ਪ੍ਰਾਜੈਕਟਾਂ ‘ਤੇ ਕੰਮ ਅਜੇ ਤੱਕ ਸ਼ੁਰੂ ਨਹੀਂ ਹੋ ਸਕਿਆ। ਸਥਾਨਕ ਲੋਕਾਂ ਵਿੱਚ ਵੀ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਜੇਕਰ ਵਿਕਾਸ ਦੇ ਕੰਮ ਜਲਦੀ ਸ਼ੁਰੂ ਨਾ ਹੋਏ ਤਾਂ ਲੋਕਾਂ ਵਿੱਚ ਨਾਰਾਜ਼ਗੀ ਵੱਧ ਸਕਦੀ ਹੈ। ਇਸਦੇ ਨਾਲ ਹੀ ਪਾਰਟੀ ਅੰਦਰੂਨੀ ਖਿੱਚਤਾਣ ਵੀ ਸੰਗਠਨ ‘ਤੇ ਅਸਰ ਪਾ ਸਕਦੀ ਹੈ। ਹੁਣ ਵੇਖਣਾ ਇਹ ਰਹੇਗਾ ਕਿ ਪਾਰਟੀ ਹਾਈਕਮਾਂਡ ਇਸ ਮਾਮਲੇ ‘ਚ ਕੀ ਫੈਸਲਾ ਲੈਂਦੀ ਹੈ ਅਤੇ ਕੀ ਸਨੌਰ ਵਿੱਚ ਵਿਕਾਸ ਦੇ ਦਾਅਵੇ ਹਕੀਕਤ ਵਿੱਚ ਬਦਲਦੇ ਹਨ ਜਾਂ ਨਹੀਂ।
Pehar TV ਪਹਿਰ ਟੀਵੀ
© Pehar TV | All Rights Reserved
0 Comments