ਸਨੌਰ, 19 ਮਾਰਚ (ਜਪਅਨੰਤਪ੍ਰੀਤ ਸਿੰਘ)
ਹਲਕਾ ਸਨੌਰ ਵਿੱਚ ਕਾਂਗਰਸ ਪਾਰਟੀ ਵੱਲੋਂ ਜਾਗਰੂਕਤਾ ਅਭਿਆਨ ਤਹਿਤ ਅੱਜ ਬੱਸ ਸਟੈਂਡ ਸਨੌਰ ਵਿਖੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਟਿਆਲਾ ਦੇ ਸੰਸਦ ਡਾ ਧਰਮਵੀਰ ਸਿੰਘ ਗਾਂਧੀ, ਗੁਰਸ਼ਰਨ ਕੌਰ ਰੰਧਾਵਾ ਜ਼ਿਲ੍ਹਾ ਪ੍ਰਧਾਨ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ “ਹੈਰੀ ਮਾਨ” ਨੇ ਅਹਿਮ ਭੂਮਿਕਾ ਨਿਭਾਉਂਦੇ ਹੋਏ ਮੌਜੂਦਾ ਸਰਕਾਰ ਨੂੰ ਤਿੱਖੇ ਸ਼ਬਦਾਂ ਵਿੱਚ ਘੇਰਿਆ। ਹੈਰੀ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਔਰਤਾਂ ਨੂੰ 1000 ਰੁਪਏ ਦੇਣ ਦਾ ਐਲਾਨ ਸਿਰਫ਼ ਇਕ ਧੋਖਾ ਹੈ ਅਤੇ ਲੋਕਾਂ ਨਾਲ ਵਾਅਦੇ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਮੰਗ ਕੀਤੀ ਕਿ ਪਿਛਲੇ ਬਕਾਏ ਦੇ ਤੌਰ ‘ਤੇ 48,000 ਰੁਪਏ ਤੁਰੰਤ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਨੂੰ ਸੱਚਾਈ ਬਾਰੇ ਜਾਗਰੂਕ ਕਰਨ ਲਈ ਇਹ ਅਭਿਆਨ ਚਲਾ ਰਹੀ ਹੈ। ਉਨ੍ਹਾਂ ਆਪਣੇ ਸੰਬੋਧਨ ਦੌਰਾਨ 2017 ਤੋਂ 2022 ਤੱਕ ਕਾਂਗਰਸ ਸਰਕਾਰ ਵੱਲੋਂ ਹਲਕਾ ਸਨੌਰ ਵਿੱਚ ਕਰਵਾਏ ਵਿਕਾਸ ਕਾਰਜਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਹੈਰੀ ਮਾਨ ਨੇ ਦੱਸਿਆ ਕਿ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ 167.5 ਕਰੋੜ, ਲਿੰਕ ਸੜਕਾਂ ਲਈ 170 ਕਰੋੜ ਅਤੇ ਵੱਡੀਆਂ ਸੜਕਾਂ ਲਈ 54.82 ਕਰੋੜ ਰੁਪਏ ਖਰਚ ਕੀਤੇ ਗਏ। ਇਸ ਤੋਂ ਇਲਾਵਾ ਸਨੌਰ ਨੂੰ ਦੱਖਣੀ ਬਾਈਪਾਸ ਨਾਲ ਜੋੜਨ ਲਈ 9.36 ਕਰੋੜ ਦੀ ਲਾਗਤ ਨਾਲ ਲਿੰਕ ਤਿਆਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਨੌਰ ਸ਼ਹਿਰ ਦੇ ਵਿਕਾਸ ਲਈ 14 ਕਰੋੜ ਅਤੇ ਸੀਵਰੇਜ ਪ੍ਰੋਜੈਕਟ ਲਈ 65 ਕਰੋੜ ਰੁਪਏ ਲਗਾਏ ਗਏ, ਜਦਕਿ ਬਹਾਦੁਰਗੜ੍ਹ ਖੇਤਰ ਲਈ 47 ਕਰੋੜ ਰੁਪਏ ਦੇ ਪ੍ਰੋਜੈਕਟ ਵੀ ਚਲਾਏ ਗਏ। ਹੈਰੀ ਮਾਨ ਨੇ ਦੱਸਿਆ ਕਿ ਘੱਗਰ ਅਤੇ ਹੋਰ ਦਰਿਆਵਾਂ ‘ਤੇ ਨਵੇਂ ਪੁਲ ਬਣਾਏ ਗਏ ਅਤੇ ਪਿੰਡਾਂ ਵਿੱਚ 67 ਕਰੋੜ ਦੀ ਲਾਗਤ ਨਾਲ ਨਹਿਰੀ ਪਾਣੀ ਪਹੁੰਚਾਇਆ ਗਿਆ। ਕਿਸਾਨਾਂ ਦੇ ਹੱਕ ਵਿੱਚ ਕੀਤੇ ਕੰਮਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਅਤੇ ਨੌਕਰੀਆਂ ਦਿੱਤੀਆਂ ਗਈਆਂ, ਜਦਕਿ ਕਰਜ਼ੇ ਮਾਫ਼ ਕਰਨ ਵਰਗੇ ਫੈਸਲੇ ਵੀ ਲਏ ਗਏ। ਸਕੂਲਾਂ ਨੂੰ ਸਮਾਰਟ ਬਣਾਇਆ ਗਿਆ ਅਤੇ ਇਲਾਕੇ ਵਿੱਚ ਸਿੱਖਿਆ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ। ਹੈਰੀ ਮਾਨ ਨੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਸਿਰਫ਼ ਨੀਹ ਪੱਥਰ ਅਤੇ ਮਸ਼ਹੂਰੀਆਂ ਤੱਕ ਸੀਮਿਤ ਹੈ, ਜਦਕਿ ਅਸਲ ਵਿਕਾਸ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸਨੌਰ ਦੀਆਂ ਸੜਕਾਂ ਖ਼ਰਾਬ ਹਾਲਤ ਵਿੱਚ ਹਨ ਅਤੇ ਫਿਰਨੀ ਚੱਲਣ ਜੋਗ ਨਹੀਂ ਰਹੀ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪਿੰਡਾਂ ਦੇ ਵਿਕਾਸ ਲਈ ਜਾਰੀ ਫੰਡ ਵੀ ਵਾਪਸ ਲੈ ਲਏ ਅਤੇ ਸੀਵਰੇਜ ਪ੍ਰੋਜੈਕਟ ਦੇ ਪੈਸਿਆਂ ਵਿੱਚੋਂ ਵੀ ਕਟੌਤੀ ਕੀਤੀ ਅਖੀਰ ਵਿੱਚ ਹੈਰੀ ਮਾਨ ਨੇ ਸਰਕਾਰ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਲੋਕਾਂ ਸਾਹਮਣੇ ਰੱਖੇ। ਇਸ ਮੌਕੇ ਵੱਖ-ਵੱਖ ਕਾਂਗਰਸੀ ਆਗੂ ਅਤੇ ਵਰਕਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ, ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਹੈਰੀ ਮਾਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।
Pehar TV ਪਹਿਰ ਟੀਵੀ
© Pehar TV | All Rights Reserved
0 Comments