ਸਨੌਰ 31 ਮਾਰਚ (ਬਿੰਦਰ ਜਵਾਲੀਆ)
ਹਲਕਾ ਸਨੌਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਲ ਹੀ ਦੀ ਫੇਰੀ ਤੋਂ ਬਾਅਦ ਸਿਆਸੀ ਮਾਹੌਲ ਗਰਮ ਹੋ ਗਿਆ ਹੈ। ਇਸਦੇ ਸਬੰਧ ਚ ਕਾਂਗਰਸ ਪਾਰਟੀ ਦੇ ਕਿਸਾਨ ਵਿੰਗ ਦੇ ਮੀਤ ਪ੍ਰਧਾਨ ਅਤੇ ਸੀਨੀਅਰ ਆਗੂ ਦਲਵਿੰਦਰ ਸਿੰਘ ਧੰਜੂ ਨੇ ਸਰਕਾਰ ਦੇ ਐਲਾਨਾਂ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਅਸਲੀ ਸੁਵਿਧਾਵਾਂ ਦੇਣ ਦੀ ਬਜਾਏ ਕੇਵਲ ਕਾਗਜ਼ੀ ਐਲਾਨਾਂ ਨਾਲ ਗੁੰਮਰਾਹ ਕੀਤਾ ਜਾ ਰਿਹਾ ਹੈ। ਧੰਜੂ ਨੇ ਕਿਹਾ ਕਿ ਜੇ ਮੁੱਖ ਮੰਤਰੀ ਸਨੌਰ ਦੇ ਹੜ ਪ੍ਰਭਾਵਿਤ ਇਲਾਕਿਆਂ ਲਈ ਕੋਈ ਵੱਡਾ ਅਤੇ ਰਿਸਰਚ ਅਧਾਰਿਤ ਐਲਾਨ ਕਰਦੇ ਤਾਂ ਇਹ ਇਲਾਕੇ ਲਈ ਫਾਇਦੇਮੰਦ ਹੁੰਦਾ। ਉਨ੍ਹਾਂ ਦੱਸਿਆ ਕਿ ਘੱਗਰ, ਟਾਂਗਰੀ ਅਤੇ ਮਾਰਕੰਡਾ ਵਰਗੀਆਂ ਬਰਸਾਤੀ ਨਦੀਆਂ ਦੀ ਗਲਤ ਮੈਨੇਜਮੈਂਟ ਸਨੌਰ ਦੇ ਪੇਂਡੂ ਵਿਕਾਸ ਲਈ ਸਭ ਤੋਂ ਵੱਡੀ ਰੁਕਾਵਟ ਬਣੀ ਹੋਈ ਹੈ। ਹਰ ਸਾਲ ਆਉਣ ਵਾਲੇ ਹੜਾਂ ਨਾਲ ਕਿਸਾਨਾਂ ਅਤੇ ਆਮ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ, ਪਰ ਇਸ ਸਮੱਸਿਆ ਦਾ ਢੰਗ ਨਾਲ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ ਚਾਰ ਸਾਲਾਂ ਦੌਰਾਨ ਮਾਨ ਸਰਕਾਰ ਵੱਲੋਂ ਇਸ ਮਸਲੇ ‘ਤੇ ਨਾ ਤਾਂ ਅੰਤਰ-ਰਾਜੀ ਪੱਧਰ ‘ਤੇ ਕੋਈ ਢੰਗ ਦੀ ਚਰਚਾ ਕੀਤੀ ਗਈ ਹੈ ਅਤੇ ਨਾ ਹੀ ਭਾਰਤੀ ਜਲ ਸਰੋਤ ਵਿਭਾਗ ਨਾਲ ਕੋਈ ਸਾਰਥਕ ਸਹਿਯੋਗ ਬਣਾਇਆ ਗਿਆ ਹੈ। ਇਸਦੇ ਉਲਟ, ਸਰਕਾਰ ਵੱਲੋਂ ਲੋਕਾਂ ਨੂੰ ਕੇਵਲ ਨਵੇਂ ਨੀਂਹ ਪੱਥਰ ਅਤੇ ਕਾਗਜ਼ੀ ਪ੍ਰੋਜੈਕਟਾਂ ਦੇ ਐਲਾਨ ਕਰਕੇ ਵਾਪਸ ਭੇਜ ਦਿੱਤਾ ਗਿਆ। ਧੰਜੂ ਨੇ ਕਿਹਾ ਕਿ ਇਹ ਸਾਰੀ ਸਥਿਤੀ ਸਰਕਾਰ ਦੀ ਲਾਪਰਵਾਹੀ ਅਤੇ ਫੈਸਲੇ ਲੈਣ ਵਿੱਚ ਹੋ ਰਹੀ ਦੇਰੀ ਨੂੰ ਦਰਸਾਉਂਦੀ ਹੈ। ਉਨ੍ਹਾਂ ਆਰੋਪ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਪ੍ਰਤੀ ਗੰਭੀਰ ਨਹੀਂ ਹੈ, ਜਿਸ ਕਾਰਨ ਲੋਕਾਂ ਵਿੱਚ ਨਿਰਾਸ਼ਾ ਵੱਧ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਹਲਕਾ ਸਨੌਰ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾ ਰਹੇ ਹਨ। ਸਥਾਨਕ ਵਾਸੀਆਂ ਦੀ ਮੰਗ ਹੈ ਕਿ ਹੜਾਂ ਦੀ ਸਮੱਸਿਆ ਦਾ ਪੱਕਾ ਅਤੇ ਲੰਬੇ ਸਮੇਂ ਲਈ ਹੱਲ ਕੀਤਾ ਜਾਵੇ ਤਾਂ ਜੋ ਇਲਾਕੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲ ਸਕੇ।
Pehar TV ਪਹਿਰ ਟੀਵੀ
© Pehar TV | All Rights Reserved
0 Comments