ਸਨੌਰ 21 ਮਾਰਚ (ਜਪਅਨੰਤਪ੍ਰੀਤ ਸਿੰਘ)
ਈਦ-ਉਲ-ਫਿਤਰ ਦਾ ਪਵਿੱਤਰ ਦਿਹਾੜਾ ਮੁਸਲਿਮ ਭਾਈਚਾਰੇ ਵੱਲੋਂ ਦੁਨੀਆਂ ਭਰ ਵਿੱਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਲੋਕਾਂ ਵੱਲੋਂ ਇਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਇਸ ਖੁਸ਼ੀ ਦੇ ਤਿਉਹਾਰ ਨੂੰ “ਮਿੱਠੀ ਈਦ” ਵੀ ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ ਲਗਾਤਾਰ 30 ਦਿਨ ਰੋਜ਼ੇ ਰੱਖੇ ਜਾਂਦੇ ਹਨ ਅਤੇ ਈਦ ਵਾਲੇ ਦਿਨ ਸਾਰੇ ਮੁਸਲਿਮ ਇਕੱਤਰ ਹੋ ਕੇ ਨਮਾਜ਼ ਅਦਾ ਕਰਦੇ ਹਨ। ਇਸੇ ਤਰ੍ਹਾਂ ਅੱਜ ਇਲਾਕਾ ਹਲਕੇ ਸਨੌਰ ਦੇ ਚੋਰਾ ਪਿੰਡ ਸੈਂਕੜਿਆਂ ਦੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕੱਤਰ ਹੋ ਕੇ ਈਦ ਦੀ ਨਮਾਜ਼ ਅਦਾ ਕੀਤੀ। ਨਮਾਜ਼ ਅਤੇ ਦੁਆ ਤੋਂ ਬਾਅਦ ਸਭ ਨੇ ਇੱਕ ਦੂਜੇ ਦੇ ਗਲੇ ਮਿਲ ਕੇ ਮੁਬਾਰਕਾਂ ਦਿੱਤੀਆਂ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਪੰਜਾਬ ਸਟੇਟ ਕੰਟੇਨਰ ਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਈਦ-ਉਲ-ਫਿਤਰ ਸਿਰਫ਼ ਤਿਉਹਾਰ ਨਹੀਂ, ਸਗੋਂ ਇਹ ਇਮਾਨ, ਭਰੋਸੇ, ਸਮਰਪਣ, ਤਿਆਗ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਧਰਮ ਸਦਾ ਮਨੁੱਖਤਾ ਨੂੰ ਜੋੜਨ ਦਾ ਕੰਮ ਕਰਦਾ ਹੈ ਅਤੇ ਮਨੁੱਖ ਨੂੰ ਰੱਬ ਦੀ ਬੰਦਗੀ ਵੱਲ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਦੁਨੀਆ ਭਰ ਵਿੱਚ ਤਣਾਅ ਅਤੇ ਨਫ਼ਰਤ ਦਾ ਮਾਹੌਲ ਬਣ ਰਿਹਾ ਹੈ, ਤਾਂ ਅਜਿਹੇ ਪਵਿੱਤਰ ਤਿਉਹਾਰ ਸਾਨੂੰ ਪਿਆਰ, ਭਾਈਚਾਰੇ ਅਤੇ ਏਕਤਾ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਨਫ਼ਰਤ ਨਾਲ ਕਦੇ ਵੀ ਸੰਸਾਰ ਦਾ ਭਲਾ ਨਹੀਂ ਹੋ ਸਕਦਾ, ਬਲਕਿ ਮੁਹੱਬਤ ਵੰਡਣ ਨਾਲ ਹੀ ਲੋਕਾਈ ਦਾ ਭਲਾ ਸੰਭਵ ਹੈ। ਈਦ ਦਾ ਇਹ ਪਵਿੱਤਰ ਦਿਹਾੜਾ ਸਾਨੂੰ “ਸਰਬੱਤ ਦਾ ਭਲਾ” ਕਰਨ ਦੀ ਪ੍ਰੇਰਣਾ ਦਿੰਦਾ ਹੈ ਅਤੇ ਇਸ ਦੀ ਸ਼ੁਰੂਆਤ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਪਿਆਰ ਅਤੇ ਸਾਂਝ ਬਣਾਕੇ ਕਰਨੀ ਚਾਹੀਦੀ ਹੈ।
Pehar TV ਪਹਿਰ ਟੀਵੀ
© Pehar TV | All Rights Reserved
0 Comments