ਸਨੌਰ, 30 ਮਾਰਚ (ਬਿੰਦਰ ਜਵਾਲੀਆ )
ਮੁੱਖ ਮੰਤਰੀ ਭਗਵੰਤ ਮਾਨ ਦੀ ਹਲਕਾ ਸਨੌਰ ਦੀ ਫੇਰੀ ਤੋਂ ਬਾਅਦ ਸਿਆਸੀ ਮਾਹੌਲ ਗਰਮ ਹੋ ਗਿਆ ਹੈ। ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਮੁੱਖ ਮੰਤਰੀ ਮਾਨ ਦੇ ਸੰਬੋਧਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ 48 ਕਰੋੜ ਰੁਪਏ ਦੇ ਕਰੀਬ ਕੰਮਾਂ ਦਾ ਉਦਘਾਟਨ ਕਰਨ ਦਾ ਦਾਅਵਾ ਕੀਤਾ, ਪਰ ਇਹ ਸਭ ਕੁਝ ਜ਼ਮੀਨੀ ਪੱਧਰ ‘ਤੇ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਇੰਨਾ ਵੱਡਾ ਵਿਕਾਸ ਹੋਇਆ ਹੁੰਦਾ ਤਾਂ ਸਨੌਰ ਦੀ ਫਿਰਨੀ ਤੇ ਦੇਵੀਗੜ੍ਹ ਤੱਕ ਟੁੱਟੀਆਂ ਸੜਕਾਂ ਲੋਕਾਂ ਨੂੰ ਨਾ ਵੇਖਣੀਆਂ ਪੈਂਦੀਆਂ। ਲੋਕ ਖੁਦ ਹਰ ਰੋਜ਼ ਇਨ੍ਹਾਂ ਰਾਹਾਂ ‘ਤੇ ਆਵਾਜਾਈ ਕਰਦੇ ਹਨ ਅਤੇ ਉਹਨਾਂ ਨੂੰ ਹਕੀਕਤ ਦਾ ਪੂਰਾ ਅਹਿਸਾਸ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਡੇ-ਵੱਡੇ ਅੰਕੜੇ ਪੇਸ਼ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਜਦਕਿ ਹਕੀਕਤ ਵਿੱਚ ਹਲਕੇ ਦੇ ਬੁਨਿਆਦੀ ਮੁੱਦੇ ਅਜੇ ਵੀ ਜਿਉਂ ਦੇ ਤਿਉਂ ਹਨ। ਉਨ੍ਹਾਂ ਕਿਹਾ ਕਿ ਸੜਕਾਂ, ਪਾਣੀ ਅਤੇ ਹੋਰ ਸਹੂਲਤਾਂ ਦੀ ਘਾਟ ਅਜੇ ਵੀ ਜਾਰੀ ਹੈ, ਜਿਸ ਨਾਲ ਲੋਕ ਪਰੇਸ਼ਾਨ ਹਨ। ਨਹਿਰੀ ਪਾਣੀ ਪ੍ਰੋਜੈਕਟ ਬਾਰੇ ਗੱਲ ਕਰਦਿਆਂ ਚੰਦੂਮਾਜਰਾ ਨੇ ਦੱਸਿਆ ਕਿ ਇਸਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਮਨਜ਼ੂਰੀ ਮਿਲੀ ਸੀ, ਪਰ ਸਰਕਾਰ ਬਦਲਣ ਨਾਲ ਇਹ ਯੋਜਨਾ ਠੱਪ ਹੋ ਗਈ ਸੀ। ਮੁੱਖ ਮੰਤਰੀ ਮਾਨ ਦੇ ਹੇਲੀਕਾਪਟਰ ਰਾਹੀਂ ਆਉਣ ਵਾਲੇ ਬਿਆਨ ‘ਤੇ ਵੀ ਉਨ੍ਹਾਂ ਨੇ ਟਿੱਪਣੀ ਕਰਦਿਆਂ ਕਿਹਾ ਕਿ ਜਦਕਿ ਮਾਨ ਵਿਰੋਧੀਆਂ ‘ਤੇ ਇਲਜ਼ਾਮ ਲਗਾਉਂਦੇ ਹਨ, ਉਹ ਖੁਦ ਵੀ ਉਹੀ ਰਾਹ ਅਪਣਾ ਰਹੇ ਹਨ। “ਜਮੀਨ ਨਾਲ ਜੁੜੇ ਰਹਿਣ” ਦੇ ਦਾਅਵੇ ‘ਤੇ ਚੰਦੂਮਾਜਰਾ ਨੇ ਤੰਜ਼ ਕਰਦਿਆਂ ਕਿਹਾ ਕਿ ਸਨੌਰ ਦੀ ਫਿਰਨੀ ਤੋਂ ਦੇਵੀਗੜ੍ਹ ਤੱਕ ਆਉਂਦਿਆਂ ਉਹਨਾਂ ਦੀਆਂ ਅੱਖਾਂ ਬੰਦ ਰਹਿੰਦੀਆਂ ਹਨ, ਪਰ ਮਾਰਕੀਟ ਕਮੇਟੀਆਂ ਵਿੱਚ ਜਾ ਕੇ ਖੁਲ ਜਾਂਦੀਆਂ ਹਨ। ਇਸ ਬਿਆਨ ਨਾਲ ਹਲਕਾ ਸਨੌਰ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਗਰਮਾਹਟ ਆ ਗਈ ਹੈ।
Pehar TV ਪਹਿਰ ਟੀਵੀ
© Pehar TV | All Rights Reserved
0 Comments