ਸਮਾਣਾ, 16 ਮਾਰਚ (ਪ੍ਰਥਮ ਕੁਮਾਰ)
ਆਮ ਆਦਮੀ ਪਾਰਟੀ ਵੱਲੋਂ ਸੂਬੇ ਭਰ ਵਿੱਚ ਬੂਥ ਕਮੇਟੀਆਂ ਦੇ ਰਿਵਿਊ ਦਾ ਕੰਮ ਲਗਭਗ ਅੰਤਿਮ ਪੜਾਅ ਵਿੱਚ ਪਹੁੰਚ ਚੁੱਕਾ ਹੈ ਅਤੇ ਲਗਾਤਾਰ ਕਈ ਦਿਨਾਂ ਦੀ ਮਿਹਨਤ ਤੋਂ ਬਾਅਦ ਇੱਕ ਮਜ਼ਬੂਤ ਅਤੇ ਸੁਚੱਜਾ ਸੰਗਠਨ ਸਾਹਮਣੇ ਆਵੇਗਾ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਿਟਿਡ ਦੇ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਹਲਕਾ ਸਮਾਣਾ ਦੇ ਪਿੰਡ ਖੱਤਰੀਵਾਲ ਵਿੱਚ ਪਾਰਟੀ ਦੀ ਪਿੰਡ ਅਤੇ ਬੂਥ ਪੱਧਰ ਦੀਆਂ ਕਮੇਟੀਆਂ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸੰਧੂ ਨੇ ਦੱਸਿਆ ਕਿ ਪਾਰਟੀ ਵੱਲੋਂ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਵੱਖ-ਵੱਖ ਵਿੰਗਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਹੁਣ ਤੱਕ ਲਗਭਗ ਸਾਰੇ ਵਿੰਗਾਂ ਦਾ ਗਠਨ ਸੁਚੱਜੇ ਢੰਗ ਨਾਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਸਮੇਂ ਸੂਬੇ ਦੀ ਸਭ ਤੋਂ ਵੱਧ ਸਰਗਰਮ ਪਾਰਟੀ ਵਜੋਂ ਸਾਹਮਣੇ ਆ ਰਹੀ ਹੈ, ਜਿਸ ਨੇ ਤੇਜ਼ੀ ਨਾਲ ਜਿੱਥੇ ਸੰਗਠਨ ਨੂੰ ਮਜ਼ਬੂਤ ਕੀਤਾ ਹੈ, ਉੱਥੇ ਹੀ ਪੰਜਾਬ ਸਰਕਾਰ ਦੀਆਂ ਲੋਕ-ਹਿੱਤ ਮੁਹਿੰਮਾਂ ਨੂੰ ਵੀ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ, ਸਿਹਤ ਬੀਮਾ ਕਾਰਡ ਯੋਜਨਾ ਅਤੇ ਧਾਰਮਿਕ ਸਥਾਨਾਂ ਦੀ ਯਾਤਰਾ ਵਰਗੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਪਾਰਟੀ ਵਰਕਰ ਲਗਾਤਾਰ ਸਰਗਰਮ ਹਨ। ਸੰਧੂ ਨੇ ਦੱਸਿਆ ਕਿ ਸਿਆਸੀ ਤੌਰ ‘ਤੇ ਉਹ ਹਲਕਾ ਸਨੌਰ ਨੂੰ ਆਪਣੀ ਕਰਮਭੂਮੀ ਮੰਨਦੇ ਹਨ, ਪਰ ਪਾਰਟੀ ਵੱਲੋਂ ਦਿੱਤੀਆਂ ਜਿੰਮੇਵਾਰੀਆਂ ਅਨੁਸਾਰ ਉਹ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਡਿਊਟੀਆਂ ਨਿਭਾ ਰਹੇ ਹਨ। ਇਸ ਲੜੀ ਤਹਿਤ ਪਹਿਲਾਂ ਉਨ੍ਹਾਂ ਦੀ ਡਿਊਟੀ ਪਟਿਆਲਾ ਦਿਹਾਤੀ ਦੇ ਪਿੰਡਾਂ ਵਿੱਚ ਲੱਗੀ ਹੋਈ ਸੀ ਅਤੇ ਹੁਣ ਉਨ੍ਹਾਂ ਨੂੰ ਹਲਕਾ ਸਮਾਣਾ–ਭਵਾਨੀਗੜ੍ਹ ਰੋਡ ‘ਤੇ ਪੈਂਦੇ ਪਿੰਡਾਂ ਦੀਆਂ ਬੂਥ ਕਮੇਟੀਆਂ ਦਾ ਰਿਵਿਊ ਕਰਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਇਸੇ ਤਹਿਤ ਉਨ੍ਹਾਂ ਨੇ ਅੱਜ ਪਿੰਡ ਗੁਰੂ ਤੇਗ ਬਹਾਦਰ ਨਗਰ ਅਤੇ ਖੱਤਰੀਵਾਲ ਦਾ ਦੌਰਾ ਕਰਕੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਇਸ ਮੌਕੇ ਬਲਾਕ ਸਮਿਤੀ ਸਮਾਣਾ ਦੇ ਚੇਅਰਮੈਨ ਹਰਦੀਪ ਸਿੰਘ ਚੀਮਾ, ਅਮਰ ਅਲੀ ਅਤੇ ਮਨਪ੍ਰੀਤ ਸਿੰਘ ਮਹਿਮਦਪੁਰ ਸਮੇਤ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ।
Pehar TV ਪਹਿਰ ਟੀਵੀ
© Pehar TV | All Rights Reserved
0 Comments