ਸਨੌਰ 20 ਮਾਰਚ (ਬਲਵਿੰਦਰ ਸਿੰਘ)
ਸਨੌਰ ਸ਼ਹਿਰ ਵਿੱਚ ਵਿਕਾਸ ਦੇ ਦਾਵਿਆਂ ਦੀ ਹਕੀਕਤ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਫਤਿਹਪੁਰ ਰੋਡ ਉੱਤੇ ਸਥਿਤ ਇੱਕ ਖੁੱਲ੍ਹਾ ਨਾਲਾ ਸਥਾਨਕ ਲੋਕਾਂ ਲਈ ਵੱਡਾ ਖਤਰਾ ਬਣਿਆ ਹੋਇਆ ਹੈ। ਨੱਥੀ ਤਸਵੀਰ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸੜਕ ਦੇ ਵਿਚਕਾਰ ਇਕ ਡੂੰਘਾ ਨਾਲਾ ਖੁੱਲ੍ਹਾ ਪਿਆ ਹੈ, ਜਿਸ ਵਿੱਚ ਗੰਦਾ ਪਾਣੀ ਭਰਿਆ ਹੋਇਆ ਹੈ ਅਤੇ ਆਸ-ਪਾਸ ਮਿੱਟੀ, ਮਲਬਾ ਅਤੇ ਕੂੜਾ ਵੀ ਫੈਲਿਆ ਪਿਆ ਹੈ। ਇਲਾਕਾ ਵਾਸੀਆਂ ਨੇ ਦਸਿਆ ਕਿ ਕੁਝ ਦਿਨ ਪਹਿਲਾਂ ਇਸ ਮਸਲੇ ਨੂੰ ਇੱਕ ਸੀਨੀਅਰ ਕਾਂਗਰਸੀ ਆਗੂ ਵੱਲੋਂ ਉਠਾਇਆ ਗਿਆ ਸੀ। ਲੋਕਾਂ ਨੂੰ ਉਮੀਦ ਸੀ ਕਿ ਜਲਦੀ ਹੀ ਇਸ ਦਾ ਹੱਲ ਕੀਤਾ ਜਾਵੇਗਾ, ਪਰ ਇਸਦੇ ਉਲਟ ਸਥਿਤੀ ਹੋਰ ਵੀ ਖ਼ਰਾਬ ਹੋ ਗਈ ਹੈ। ਸੂਤਰਾਂ ਨੇ ਦੱਸਿਆ ਕਿ ਬੀਤੇ ਦਿਨੀਂ ਨਗਰ ਕੌਂਸਲ ਸਨੌਰ ਦੇ ਕਰਮਚਾਰੀਆਂ ਵੱਲੋਂ ਇਥੇ ਲੱਗੀ ਲੋਹੇ ਦੀ ਟੁਟੀ ਜਾਲੀ ਨੂੰ ਉਖਾੜ ਕੇ ਆਪਣੇ ਨਾਲ ਲੈ ਜਾਇਆ ਗਿਆ। ਪਹਿਲਾਂ ਨਾਲੇ ਉੱਤੇ ਲੱਗੀ ਸੁਰੱਖਿਆ ਲਈ ਜਾਲੀ ਹੁੰਦੀ ਸੀ, ਜੋ ਹੁਣ ਹਟਾ ਦਿੱਤੀ ਗਈ ਹੈ। ਇਸ ਕਾਰਨ ਇਹ ਖੁੱਲ੍ਹਾ ਨਾਲਾ ਹੁਣ “ਮੌਤ ਦਾ ਖੂਹ” ਬਣਦਾ ਜਾ ਰਿਹਾ ਹੈ। ਸਥਾਨਕ ਵਾਸੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਸੜਕ ਕਾਫੀ ਰਸ਼ ਵਾਲੀ ਹੈ ਅਤੇ ਇੱਥੇ ਹਰ ਵੇਲੇ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਖ਼ਾਸ ਕਰਕੇ ਰਾਤ ਦੇ ਸਮੇਂ ਜਾਂ ਬਾਰਿਸ਼ ਦੌਰਾਨ ਇਹ ਖੱਡਾ ਦਿਖਾਈ ਨਹੀਂ ਦਿੰਦਾ, ਜਿਸ ਨਾਲ ਕਿਸੇ ਵੀ ਸਮੇਂ ਵੱਡਾ ਹਾਦਸਾ ਹੋ ਸਕਦਾ ਹੈ। ਬੱਚਿਆਂ ਅਤੇ ਬਜ਼ੁਰਗਾਂ ਲਈ ਇਹ ਹੋਰ ਵੀ ਜ਼ਿਆਦਾ ਖਤਰਨਾਕ ਸਾਬਿਤ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ, ਨਾਲ਼ੇ ਵਿੱਚ ਖੜ੍ਹਾ ਗੰਦਾ ਪਾਣੀ ਸਿਹਤ ਲਈ ਵੀ ਹਾਨੀਕਾਰਕ ਹੈ ਅਤੇ ਬਿਮਾਰੀਆਂ ਦੇ ਫੈਲਣ ਦਾ ਕਾਰਨ ਬਣ ਸਕਦਾ ਹੈ ਨੇੜਲੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਤੁਰੰਤ ਨਾਲੇ ਨੂੰ ਢੱਕ ਕੇ ਸੜਕ ਦੀ ਮੁਰੰਮਤ ਕਰਵਾਈ ਜਾਵੇ। ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਇਹ ਲਾਪਰਵਾਹੀ ਕਿਸੇ ਵੱਡੇ ਹਾਦਸੇ ਨੂੰ ਜਨਮ ਦੇ ਸਕਦੀ ਹੈ, ਜਿਸਦੀ ਜ਼ਿੰਮੇਵਾਰੀ ਸੰਬੰਧਤ ਵਿਭਾਗਾਂ ਉੱਤੇ ਹੀ ਆਵੇਗੀ।
Pehar TV ਪਹਿਰ ਟੀਵੀ
© Pehar TV | All Rights Reserved
0 Comments