ਸਨੌਰ, 6 ਮਾਰਚ (ਜਪਅਨੰਤਪ੍ਰੀਤ ਸਿੰਘ)
ਪਟਿਆਲਾ ਸਨੌਰ ਰੋਡ ਉਤੇ ਸਥਿਤ ਸਬਜ਼ੀ ਮੰਡੀ ਦੇ ਸਾਹਮਣੇ ਅੱਜ ਇੱਕ ਪਰਵਾਸੀ ਮਜ਼ਦੂਰ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਦਰ ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸਦਰ ਥਾਣੇ ਦੇ ਐਸ.ਐਚ.ਓ. ਗੁਰਮੀਤ ਸਿੰਘ ਨੂੰ ਕੰਟਰੋਲ ਰੂਮ ਤੋਂ ਫੋਨ ਕਾਲ ਪ੍ਰਾਪਤ ਹੋਈ ਕਿ ਸਬਜ਼ੀ ਮੰਡੀ ਸਨੌਰ ਦੇ ਸਾਹਮਣੇ ਇੱਕ ਵਿਅਕਤੀ ਦੀ ਲਾਸ਼ ਦਰੱਖਤ ‘ਤੇ ਲਟਕ ਰਹੀ ਹੈ। ਇਸ ਸੂਚਨਾ ‘ਤੇ ਪੁਲਿਸ ਵੱਲੋਂ ਤੁਰੰਤ ਦੋ ਹੈੱਡ ਕਾਂਸਟੇਬਲਾਂ ਅਤੇ ਏ.ਐਸ.ਆਈ. ਗੁਰਜੀਤ ਸਿੰਘ ਨੂੰ ਮੌਕੇ ‘ਤੇ ਭੇਜਿਆ ਗਿਆ। ਮੌਕੇ ‘ਤੇ ਪਹੁੰਚ ਕੇ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਮ੍ਰਿਤਕ ਦੀ ਪਛਾਣ ਨਰੇਸ਼ ਕੁਮਾਰ (ਉਮਰ ਕਰੀਬ 55 ਸਾਲ) ਵਜੋਂ ਹੋਈ, ਜੋ ਕਿ ਉੱਤਰ ਪ੍ਰਦੇਸ਼ ਦੇ ਜੀ ਰਾਮ ਰੂਹਾ ਦਾ ਰਹਿਣ ਵਾਲਾ ਪਰਵਾਸੀ ਮਜ਼ਦੂਰ ਸੀ। ਘਟਨਾ ਸਮੇਂ ਮ੍ਰਿਤਕ ਦਾ ਬੇਟਾ ਅਤੇ ਭਤੀਜਾ ਵੀ ਮੌਕੇ ‘ਤੇ ਮੌਜੂਦ ਸਨ, ਜਿਨ੍ਹਾਂ ਵੱਲੋਂ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾਏ ਗਏ ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਮੁਤਾਬਕ ਨਰੇਸ਼ ਕੁਮਾਰ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਹ ਅੱਜ ਸਵੇਰੇ ਕਰੀਬ 8 ਵਜੇ ਘਰ ਤੋਂ ਸ਼ਰਾਬ ਪੀ ਕੇ ਨਿਕਲਿਆ ਸੀ।ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।
0 Comments