Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਸਨੌਰ ਹਲਕੇ ਵਿੱਚ ਇੱਕ ਤਸਵੀਰ ਤੇ ਸਿਆਸੀ ਹਲਚਲ


ਸਨੌਰ 6 ਜਨਵਰੀ (ਬਲਵਿੰਦਰ ਸਿੰਘ)

ਬੀਤੇ ਦਿਨੀਂ ਹਲਕਾ ਸਨੌਰ ਵਿੱਚ ਸਿਆਸੀ ਹਲਚਲ ਉਸ ਸਮੇਂ ਤੇਜ਼ ਹੋ ਗਈ ਜਦੋਂ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਸਾਹਮਣੇ ਆਈ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਕ੍ਰਿਸ਼ਨ ਸਿੰਘ ਸਨੌਰ ਇਕੱਠੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੇ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਨੂੰ ਹੋਰ ਹਵਾ ਦੇ ਦਿੱਤੀ ਹੈ ਅਤੇ ਇਹ ਤਸਵੀਰ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਜਿਵੇਂ ਹੀ ਇਹ ਤਸਵੀਰ ਸਾਹਮਣੇ ਆਈ, ਤੁਰੰਤ ਹੀ ਵੱਖ-ਵੱਖ ਤਰ੍ਹਾਂ ਕਿਆਸ ਲਗਣ ਲੱਗ ਪਏ ਕਿ ਕੀ ਸਨੌਰ ਹਲਕੇ ਦੀ ਸਿਆਸਤ ਵਿੱਚ ਕੋਈ ਨਵਾਂ ਮੋੜ ਆਉਣ ਵਾਲਾ ਹੈ ਜਾਂ ਫਿਰ ਇਹ ਸਿਰਫ਼ ਇਕ ਸਮਾਜਿਕ ਮਿਲਾਪ ਤੱਕ ਸੀਮਿਤ ਹੈ। ਖਾਸ ਕਰਕੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ, ਇਸ ਤਸਵੀਰ ਨੂੰ ਕਈ ਲੋਕ ਭਵਿੱਖੀ ਸਿਆਸੀ ਸਮੀਕਰਨਾਂ ਨਾਲ ਜੋੜ ਕੇ ਦੇਖ ਰਹੇ ਹਨ।ਇਸ ਸਬੰਧੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਕ੍ਰਿਸ਼ਨ ਸਿੰਘ ਸਨੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਫ਼ ਕੀਤਾ ਕਿ ਇਹ ਤਸਵੀਰ ਕਿਸੇ ਵੀ ਸਿਆਸੀ ਮਿਲਾਪ ਦੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹ ਤਸਵੀਰ ਸਨੌਰ ਦੀ ਇੱਕ ਸੋਸਾਇਟੀ ਦੀ ਹੈ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਕੱਢੇ ਗਏ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਸੀ ਓਥੇ  ਸੋਸਾਇਟੀ ਵੱਲੋਂ ਵੱਖ-ਵੱਖ ਸ਼ਖਸੀਅਤਾਂ ਨੂੰ ਸਿਰੋਪਾ ਸਾਹਿਬ ਪਾ ਕੇ ਸਨਮਾਨਿਤ ਕੀਤਾ ਗਿਆ। ਕ੍ਰਿਸ਼ਨ ਸਿੰਘ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਇਕ ਸਮਾਜਿਕ ਕਾਰਜ ਸੀ, ਜਿਸਨੂੰ ਸਿਆਸੀ ਰੰਗ ਦੇਣਾ ਠੀਕ ਨਹੀਂ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੌਕੇ ਸਨੌਰ ਦੀ ਫਿਰਨੀ ਦੀ ਮਾੜੀ ਹਾਲਤ ਬਾਰੇ ਵੀ ਚਰਚਾ ਹੋਈ। ਉਨ੍ਹਾਂ ਅਨੁਸਾਰ, ਫਿਰਨੀ ਦੀ ਖ਼ਰਾਬ ਹਾਲਤ ਕਾਰਨ ਸਥਾਨਕ ਵਸਨੀਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਹ ਮਸਲਾ ਕਿਸੇ ਇੱਕ ਪਾਰਟੀ ਨਹੀਂ, ਸਗੋਂ ਪੂਰੇ ਹਲਕੇ ਨਾਲ ਜੁੜਿਆ ਹੋਇਆ ਹੈ। ਇਸ ਲਈ ਸਮਾਜਿਕ ਮੰਚ ‘ਤੇ ਇਸ ਬਾਰੇ ਗੱਲਬਾਤ ਹੋਣਾ ਕੁਦਰਤੀ ਗੱਲ ਹੈ।ਦੂਜੇ ਪਾਸੇ, ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੀਆਂ ਤਸਵੀਰਾਂ ਅਕਸਰ ਲੋਕਾਂ ਦੀ ਦਿਲਚਸਪੀ ਵਧਾਉਂਦੀਆਂ ਹਨ ਅਤੇ ਸਿਆਸੀ ਚਰਚਾ ਨੂੰ ਜਨਮ ਦਿੰਦੀਆਂ ਹਨ। ਹਾਲਾਂਕਿ ਸੱਚਾਈ ਜੋ ਵੀ ਹੋਵੇ, ਪਰ ਇਸ ਤਸਵੀਰ ਨੇ ਸਨੌਰ ਦੀ ਸਿਆਸਤ ਨੂੰ ਇਕ ਵਾਰ ਫਿਰ ਚਰਚਾ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਿਆਸੀ ਗੱਲਬਾਤ ਕਿਸ ਦਿਸ਼ਾ ਵੱਲ ਜਾਂਦੀ ਹੈ।

Post a Comment

0 Comments