ਫ਼ਤਹਿਗੜ੍ਹ ਸਾਹਿਬ 30 ਜਨਵਰੀ (ਪਹਿਰ ਟੀਵੀ ਬਿਉਰੋ)
ਪਿਛਲੇ ਦਿਨੀਂ ਸਰਹਿੰਦ ਰੇਲਵੇ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਰੇਲਵੇ ਲਾਈਨ ਉੱਪਰ ਹੋਏ ਬੰਬ ਧਮਾਕੇ ਤੋਂ ਬਾਅਦ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਬਣੇ ਸਹਿਮ ਭਰੇ ਮਾਹੌਲ ਨੂੰ ਅਜੇ ਰਾਹਤ ਨਹੀਂ ਮਿਲੀ ਸੀ ਕਿ ਬੀਤੀ ਰਾਤ ਮੁੜ ਤੋਂ ਸ਼ਹਿਰ ਵਿਚ ਸੁਣਾਈ ਦਿੱਤੀ ਇਕ ਜ਼ੋਰਦਾਰ ਧਮਾਕੇ ਜਿਹੀ ਆਵਾਜ਼ ਨੇ ਲੋਕਾਂ ਵਿਚ ਦਹਿਸ਼ਤ ਪੈਦਾ ਕਰ ਦਿੱਤੀ। ਅਚਾਨਕ ਆਈ ਇਸ ਤੇਜ਼ ਆਵਾਜ਼ ਕਾਰਨ ਲੋਕਾਂ ਦੀ ਨੀਂਦ ਉੱਡ ਗਈ ਅਤੇ ਕਈ ਨਾਗਰਿਕ ਘਰਾਂ ਤੋਂ ਬਾਹਰ ਨਿਕਲ ਆਏ।ਧਮਾਕੇ ਦੀ ਆਵਾਜ਼ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆ ਗਿਆ ਅਤੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ਹਿਰ ਭਰ ਵਿਚ ਜਾਂਚ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਪੁਲਿਸ ਵਲੋਂ ਸੰਵੇਦਨਸ਼ੀਲ ਥਾਵਾਂ ਦੀ ਛਾਣਬੀਣ ਕੀਤੀ ਗਈ ਪਰ ਕਿਸੇ ਵੀ ਥਾਂ ਤੋਂ ਧਮਾਕੇ ਕਾਰਨ ਜਾਨੀ ਜਾਂ ਮਾਲੀ ਨੁਕਸਾਨ ਦੇ ਸਬੂਤ ਨਹੀਂ ਮਿਲੇ।ਇਸ ਸੰਬੰਧੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੇ ਹਵਾਲੇ ਨਾਲ ਜਾਣਕਾਰੀ ਦਿੰਦਿਆਂ ਐਸਪੀ (ਪੀਬੀਆਈ) ਜਸਕੀਰਤ ਅਹੀਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9.45 ਵਜੇ ਫ਼ਤਹਿਗੜ੍ਹ ਸਾਹਿਬ ਦੇ ਕੁਝ ਇਲਾਕਿਆਂ ਵਿਚ ਲੋਕਾਂ ਵਲੋਂ ਜ਼ੋਰਦਾਰ ਆਵਾਜ਼ ਸੁਣੇ ਜਾਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਸੂਚਨਾ ਮਿਲਦੇ ਹੀ ਪੁਲਿਸ ਫੋਰਸ ਵਲੋਂ ਵਿਸ਼ੇਸ਼ ਜਾਂਚ ਅਭਿਆਨ ਚਲਾਇਆ ਗਿਆ, ਪਰ ਕਿਤੇ ਵੀ ਕਿਸੇ ਕਿਸਮ ਦੇ ਧਮਾਕੇ ਦੀ ਪੁਸ਼ਟੀ ਨਹੀਂ ਹੋ ਸਕੀ।

0 Comments