ਪਟਿਆਲਾ ਜ਼ਿਲ੍ਹੇ ਦੇ ਕਸਬਾ ਸਨੌਰ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀ ਬੇਅਦਬੀ ਦੀ ਮੰਦਭਾਗੀ ਘਟਨਾ ਸਾਹਮਣੇ ਆਉਣ ਨਾਲ ਸਿੱਖ ਸੰਗਤ ਦੇ ਧਾਰਮਿਕ ਜਜ਼ਬਾਤਾਂ ਨੂੰ ਗਹਿਰਾ ਝਟਕਾ ਲੱਗਾ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਰੋਸ, ਗੁੱਸੇ ਅਤੇ ਦੁੱਖ ਦਾ ਮਾਹੌਲ ਬਣਿਆ ਹੋਇਆ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ਿਕਿਊਟਿਵ ਮੈਂਬਰ ਸੁਰਜੀਤ ਸਿੰਘ ਗੜ੍ਹੀ ਨੇ ਗੁਰਦੁਆਰਾ ਸਿੰਘ ਸਭਾ ਵਿੱਚ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਘਟਨਾ ਦੀ ਤਿੱਖੀ ਨਿੰਦਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਜਸਮੇਰ ਸਿੰਘ ਲਾਛੜੂ ਅਤੇ ਹੋਰ ਪ੍ਰਬੰਧਕ ਮੈਂਬਰ ਵੀ ਮੌਜੂਦ ਸਨ।ਸੁਰਜੀਤ ਸਿੰਘ ਗੜ੍ਹੀ ਨੇ ਸਪਸ਼ਟ ਕੀਤਾ ਕਿ ਕਸਬੇ ਦੇ ਇੱਕ ਮੋਹੱਲੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸਾਹਿਬ ਨੂੰ ਪਾਠ ਲਈ ਲੈ ਕੇ ਜਾਇਆ ਗਿਆ ਸੀ। ਪਾਠ ਸਮਾਪਤੀ ਉਪਰੰਤ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਰਿਆਦਾ ਅਨੁਸਾਰ ਸਤਿਕਾਰ ਸਹਿਤ ਸੱਚਖੰਡ ਵਿੱਚ ਲਿਜਾਇਆ ਗਿਆ, ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਚਾਦਰ ਹੇਠ ਫਟੇ ਪਏ ਸਨ, ਜੋ ਸਿੱਖ ਮਰਿਆਦਾ ਦੀ ਸਿੱਧੀ ਉਲੰਘਣਾ ਹੈ।ਉਨ੍ਹਾਂ ਕਿਹਾ ਕਿ ਪ੍ਰਾਰੰਭਿਕ ਜਾਂਚ ਵਿੱਚ ਇਹ ਗੰਭੀਰ ਗੱਲ ਸਾਹਮਣੇ ਆਈ ਹੈ ਕਿ ਛੇ ਪਾਠੀ ਸਿੰਘਾਂ ਵਿੱਚੋਂ ਕਿਸੇ ਇੱਕ ਵੱਲੋਂ ਇਹ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿਸੇ ਪਾਠੀ ਦਾ ਨਾਮ ਲਏ ਬਿਨਾ ਓਹਨਾ ਦੱਸਿਆ ਕੇ ਇਕ ਪਾਠੀ ਸਿੰਘ ਨੇ ਮੰਨਿਆ ਕਿ ਮੈ ਇਹ ਕੁਝ ਕਰਨਾ ਨਹੀਂ ਚੋਹੰਦਾ ਸੀ ਮੈ ਡਿਪਰੈਸ਼ਨ ਵਿੱਚ ਇਹ ਕਦਮ ਚੁੱਕਿਆ ਹੈ। ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦਿਆਂ ਸਨੌਰ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਛੇਹਾਂ ਪਾਠੀ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਤਾਂ ਜੋ ਦੋਸ਼ੀ ਦੀ ਸਪਸ਼ਟ ਪਛਾਣ ਹੋ ਸਕੇ।ਸੁਰਜੀਤ ਸਿੰਘ ਗੜ੍ਹੀ ਨੇ ਦੋ ਟੁਕ ਸ਼ਬਦਾਂ ਵਿੱਚ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੀ ਆਨ ਬਾਨ ਤੇ ਸ਼ਾਨ ਹਨ ਅਤੇ ਉਨ੍ਹਾਂ ਨਾਲ ਜੁੜੀ ਕਿਸੇ ਵੀ ਕਿਸਮ ਦੀ ਬੇਅਦਬੀ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਜ਼ਰਾ ਵੀ ਢਿਲਾਈ ਨਾ ਵਰਤੀ ਜਾਵੇ ਅਤੇ ਦੋਸ਼ੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਜੇ ਦੋਸ਼ੀ ਨੂੰ ਸਜ਼ਾ ਨਾ ਮਿਲੀ ਤਾਂ ਇਹ ਨਾ ਸਿਰਫ਼ ਇਨਸਾਫ਼ ਨਾਲ ਧੋਖਾ ਹੋਵੇਗਾ, ਸਗੋਂ ਸਿੱਖ ਸੰਗਤ ਦੇ ਜਜ਼ਬਾਤਾਂ ਨਾਲ ਵੀ ਖਿਲਵਾਰ ਹੋਵੇਗਾ। ਪ੍ਰਬੰਧਕ ਕਮੇਟੀ ਨੇ ਮੰਗ ਕੀਤੀ ਕਿ ਜਾਂਚ ਜਲਦ ਪੂਰੀ ਕਰਕੇ ਦੋਸ਼ੀ ਨੂੰ ਕਟਹਰੇ ਵਿੱਚ ਖੜਾ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਮੰਦਭਾਗੀ ਹਰਕਤ ਕਰਨ ਦੀ ਹਿੰਮਤ ਨਾ ਕਰੇ।ਜਦੋਂ ਇਸ ਸਬੰਧੀ ਐਸ ਐਚ ਓ ਸਨੌਰ ਨਾਲ ਗੱਲ ਕੀਤੀ ਤਾਂ ਓਹਨਾ ਦੱਸਿਆ ਕੇ ਬੇਅਦਬੀ ਨੂੰ ਅੰਜਾਮ ਦੇਣ ਵਾਲਾ ਪਾਠੀ ਸਿਮਰਨਜੀਤ ਸਿੰਘ ਗੁਰਦੁਆਰਾ ਸਿੰਘ ਸਭਾ ਸਨੌਰ ਕੀਰਤਨ ਦੀ ਸੇਵਾ ਕਰਦਾ ਹੈ ਅਤੇ ਉਹ ਸਨੌਰ ਦੇ ਪਠਾਣਾ ਵਾਲਾ ਮੁਹੱਲਾ ਦਾ ਰਹਿਣ ਵਾਲਾ ਹੈ ਜਿਸਤੇ ਧਾਰਾ 298,299 ਦੇ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ
0 Comments