Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਬੇਮੌਸਮੀ ਬਾਰਿਸ਼ ਕਾਰਨ ਕਣਕ ਦੀ ਫ਼ਸਲ ਨੂੰ ਹੋਏ ਨੁਕਸਾਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਖਰੀਦ ਮਾਪਦੰਡਾਂ ਵਿੱਚ ਦਿੱਤੀਆਂ ਗਈਆਂ ਰਿਆਇਤਾਂ ਲਈ ਕੇਂਦਰ ਸਰਕਾਰ ਦਾ ਧੰਨਵਾਦ - ਜਸਪਾਲ ਸਿੰਘ ਗਗਰੋਲੀ


 ਸਨੌਰ, 22 ਅਪ੍ਰੈਲ (ਜਪਅਨੰਤਪ੍ਰੀਤ ਸਿੰਘ) 

 ਬੇਮੌਸਮੀ ਬਾਰਿਸ਼ ਕਾਰਨ ਕਣਕ ਦੀ ਫ਼ਸਲ ਨੂੰ ਹੋਏ ਨੁਕਸਾਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਖਰੀਦ ਮਾਪਦੰਡਾਂ ਵਿੱਚ ਦਿੱਤੀਆਂ ਗਈਆਂ ਰਿਆਇਤਾਂ ਦਾ ਭਾਜਪਾ ਨੇ ਸਵਾਗਤ ਕੀਤਾ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੋਲੀ ਨੇ ਅੱਜ ਸਨੌਰ ਦੀ ਅਨਾਜ ਮੰਡੀ ਦਾ ਦੌਰਾ ਕਰਦਿਆਂ ਇਸ ਫ਼ੈਸਲੇ ਨੂੰ ਕਿਸਾਨਾਂ ਲਈ ਵੱਡੀ ਰਾਹਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਬੇਮੌਸਮੀ ਮੀਂਹ ਕਾਰਨ ਲੱਖਾਂ ਕਿਸਾਨ ਪ੍ਰਭਾਵਿਤ ਹੋਏ ਹਨ ਅਤੇ ਵੱਡੀ ਮਾਤਰਾ ਵਿੱਚ ਪੱਕੀ ਹੋਈ ਕਣਕ ਦਾ ਦਾਣਾ ਬਦਰੰਗ ਹੋ ਗਿਆ ਹੈ। ਇਸ ਕਾਰਨ ਮੰਡੀਆਂ ਵਿੱਚ ਆਈ ਫ਼ਸਲ ਦੀ ਖਰੀਦ ਨੂੰ ਲੈ ਕੇ ਖਰੀਦ ਏਜੰਸੀਆਂ ਵੱਲੋਂ ਆਣਾਕਾਣੀ ਕੀਤੀ ਜਾ ਰਹੀ ਸੀ, ਜਿਸ ਨਾਲ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਸਪਾਲ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੇਂਦਰੀ ਮੰਤਰੀ ਪ੍ਰਲਾਹਦ ਜੋਸ਼ੀ ਵੱਲੋਂ ਜਾਰੀ ਕੀਤੇ ਪੱਤਰ ਵਿੱਚ 70 ਫੀਸਦੀ ਤੱਕ ਬਦਰੰਗ ਅਤੇ 15 ਫੀਸਦੀ ਤੱਕ ਸੁੰਗੜੀ ਹੋਈ ਕਣਕ ਦੀ ਫ਼ਸਲ ਨੂੰ ਵੀ ਪੂਰੀ ਘੱਟੋ-ਘੱਟ ਸਮਰਥਨ ਕੀਮਤ (MSP) 'ਤੇ ਤੁਰੰਤ ਖਰੀਦਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਕਿਸਾਨਾਂ ਦੇ ਹਿੱਤ ਵਿੱਚ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਵੱਡੀ ਆਰਥਿਕ ਰਾਹਤ ਮਿਲੇਗੀ ਉਨ੍ਹਾਂ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਸਾਨੀ ਮਸਲਿਆਂ ਨੂੰ ਸਮੇਂ ਸਿਰ ਹੱਲ ਕਰਨ ਵਿੱਚ ਅਸਫਲ ਰਹੀ ਹੈ। ਚਾਹੇ ਫ਼ਸਲ ਖਰੀਦ ਦੇ ਇੰਤਜ਼ਾਮ ਹੋਣ ਜਾਂ ਮੁਆਵਜ਼ੇ ਦੀ ਗੱਲ, ਸੂਬਾ ਸਰਕਾਰ ਵੱਲੋਂ ਠੋਸ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਗੁਆਂਢੀ ਰਾਜਾਂ ਹਰਿਆਣਾ ਅਤੇ ਰਾਜਸਥਾਨ ਨੇ ਸਮੇਂ ਸਿਰ ਕੇਂਦਰ ਕੋਲ ਮਾਮਲਾ ਉਠਾਇਆ, ਜਿਸ ਕਾਰਨ ਉਨ੍ਹਾਂ ਨੂੰ ਜਲਦੀ ਰਾਹਤ ਮਿਲੀ। ਪਿਛਲੇ ਸਾਲ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਦੇ ਮਾਮਲੇ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਅੰਕੜੇ ਸਮੇਂ ਸਿਰ ਨਾ ਦੇਣ ਕਾਰਨ ਕਿਸਾਨਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪਿਆ। ਭਾਜਪਾ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਦੇ ਕਦਮ ਚੁੱਕੇ ਜਾਂਦੇ ਰਹਿਣਗੇ। ਇਸ ਮੌਕੇ ਜਰਨੈਲ ਸਿੰਘ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ, ਧਰਮਿੰਦਰ ਸਿੰਘ, ਸੰਦੀਪ ਸ਼ਰਮਾ ਜ਼ਿਲ੍ਹਾ ਸਕੱਤਰ, ਅਮਨਦੀਪ ਸਿੰਘ ,ਗੁਰਬਚਨ ਸਿੰਘ, ਸੁਖਦੇਵ ਸਿੰਘ ਕਰਮਜੀਤ ਸਿੰਘ ਸਨੌਰ ,ਨਰੇਸ਼ ਭਾਟੀਆ ,ਅਮਰਜੀਤ ਸਿੰਘ,ਭਾਰਤ ਗੋਇਲ ਤੇ ਹੋਰ।

Pehar TV ਪਹਿਰ ਟੀਵੀ 

© Pehar TV | All Rights Reserved

Post a Comment

0 Comments