ਸਨੌਰ, 19 ਅਪ੍ਰੈਲ (ਬਿੰਦਰ ਜਵਾਲੀਆ )
ਪੰਜਾਬ ਵਿੱਚ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਵਿਰੁੱਧ ਲਿਆਂਦਾ ਗਿਆ ਬਿੱਲ ਹੁਣ ਕਾਨੂੰਨ ਦਾ ਰੂਪ ਧਾਰ ਚੁੱਕਾ ਹੈ। ਮਾਨਯੋਗ ਰਾਜਪਾਲ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਕਾਨੂੰਨ ਲਾਗੂ ਹੋ ਗਿਆ ਹੈ, ਜਿਸਨੂੰ ਧਾਰਮਿਕ ਆਸਥਾ ਅਤੇ ਮਰਿਆਦਾ ਦੀ ਰੱਖਿਆ ਵੱਲ ਇਕ ਅਹਿਮ ਅਤੇ ਇਤਿਹਾਸਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਹਲਕਾ ਸਨੌਰ ਤੋਂ ਸੀਨੀਅਰ ‘ਆਪ’ ਆਗੂ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਇਹ ਬਿੱਲ ਹੁਣ ਕਾਨੂੰਨੀ ਰੂਪ ਵਿੱਚ ਲਾਗੂ ਹੋ ਗਿਆ ਹੈ, ਜੋ ਸੂਬੇ ਵਿੱਚ ਕਾਨੂੰਨ-ਵਿਵਸਥਾ ਅਤੇ ਧਾਰਮਿਕ ਸਨਮਾਨ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੇ ਤਹਿਤ ਬੇਅਦਬੀ ਦੇ ਮਾਮਲਿਆਂ ‘ਤੇ ਸਖ਼ਤ ਨਿਗਰਾਨੀ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਕੜੀਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ। ਸੰਧੂ ਨੇ ਕਿਹਾ ਕਿ ਉਹ ਅੱਜ ਇਸ ਫ਼ੈਸਲੇ ਨਾਲ ਬਹੁਤ ਖੁਸ਼ ਹਨ ਅਤੇ ਇਹ ਕਾਨੂੰਨ ਉਨ੍ਹਾਂ ਤਾਕਤਾਂ ਲਈ ਸਖ਼ਤ ਜਵਾਬ ਹੈ, ਜੋ ਧਰਮ ਦੇ ਨਾਂ ‘ਤੇ ਸਮਾਜ ਵਿੱਚ ਫੁਟ ਪਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਤੋਂ 11 ਸਾਲ ਪਹਿਲਾਂ 2015 ਚ ਜਦੋਂ ਉਹਨਾਂ ਸ਼ੋ੍ਰਮਣੀ ਅਕਾਲੀ ਦਲ ਨੂੰ ਛੱਡਿਆ ਸੀ ਤਾਂ ਇਹ ਫੈਂਸਲਾ ਪੂਰੇ ਸੰਧੂ ਪਰਿਵਾਰ ਲਈ ਬੜਾ ਔਖਾ ਅਤੇ ਕਠਿਨ ਫੈਂਸਲਾ ਸੀ , ਇਹ ਉਹਨਾਂ ਲਈ ਪ੍ਰੀਖਿਆ ਦੀ ਘੜੀ ਸੀ ਕਿਉਂ ਸੰਧੂ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਬਹੁਤ ਦੁਖੀ ਸੀ ਕਿਉਂ ਕਿ ਅਕਾਲੀ ਰਾਜ ਚ ਇਸਦਾ ਕੋਈ ਠੋਸ ਹੱਲ ਨਾ ਹੋ ਪਾਇਆ ਉਲਟਾ ਕੋਟਕਪੂਰਾ ਗੋਲੀ ਕਾਂਡ ਨੇ ਸਾਰਾ ਮਨ ਹੀ ਉਖੇੜ ਕੇ ਰੱਖ ਦਿੱਤਾ ਤੇ ਤਿੰਨ ਪੀੜ੍ਹੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਪਰਿਵਾਰ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ । ਸੰਧੂ ਨੇ ਦੱਸਿਆ ਕਿ ਅਕਾਲੀ ਦਲ ਨੂੰ ਛੱਡਣ ਤੋਂ ਬਾਅਦ ਵੱਡਾ ਸਵਾਲ ਇਹ ਸੀ ਕਿ ਇੰਦਰਜੀਤ ਸੰਧੂ ਅਤੇ ਪਰਿਵਾਰ ਹੁਣ ਕਿਸ ਪਾਰਟੀ ਵਿੱਚ ਸ਼ਾਮਲ ਹੋਵੇਗਾ ਤੇ ਅਖੀਰ ਦਸੰਬਰ 2015 ਨੂੰ ਪਟਿਆਲਾ ਰਾਜਪੁਰਾ ਰੋਡ ਤੇ ਸਥਿੱਤ ਯਸ਼ ਪੈਲੇਸ ਚ ਲੱਗਭੱਗ ਆਪਣੇ 700-800 ਸਮਰਥਕਾਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ। ਸੰਧੂ ਨੇ ਆਖਿਆ ਕਿ ਬੇਅਦਬੀਆਂ ਦੀ ਘਟਨਾ ਨੂੰ ਅੱਜ ਲੱਗਭੱਗ 11 ਸਾਲ ਬੀਤ ਚੁੱਕੇ ਹਨ ਪਰ ਅੱਜ ਪੰਜਾਬ ਅੰਦਰ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਧਾਨ ਸਭਾ ਅੰਦਰ ਕਾਨੂੰਨ ਬਣਿਆ ਹੈ ਜੋ ਬੇਅਦਬੀ ਕਰਨ ਵਾਲੇ ਦੋਸ਼ੀਆਂ ਲਈ ਉਮਰ ਕੈਦ ਤੱਕ ਦਾ ਪ੍ਰਬੰਧ ਕਰਦਾ ਹੈ । ਸੰਧੂ ਨੇ ਆਖਿਆ ਕਿ ਅੱਜ ਉਹਨਾਂ ਦੇ ਕਲੇਜੇ ਨੂੰ ਠੰਢ ਪਈ ਹੈ ਅਤੇ ਇਸ ਫੈਂਸਲੇ ਨਾਲ ਮਨ ਨੂੰ ਖੁਸ਼ੀ ਅਤੇ ਤਸੱਲੀ ਵੀ ਹੋਈ ਹੈ ਕਿ ਉਹਨਾਂ ਨੇ ਜੋ ਫੈਸਲਾ 11 ਸਾਲ ਪਹਿਲਾਂ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਦਾ ਲਿਆ ਸੀ ਉਹ ਬਿਲਕੁਲ ਸਹੀ ਸੀ ਸੰਧੂ ਨੇ ਕਿਹਾ ਹੁਣ ਕਿਸੇ ਦੀ ਵੀ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕਰਨ ਦੀ ਹਿੰਮਤ ਨਹੀਂ ਹੋਵੇਗੀ ਅਤੇ ਇਹ ਕਾਨੂੰਨ ਸਮਾਜ ਵਿੱਚ ਆਪਸੀ ਸਾਂਝ, ਭਰੋਸੇ ਅਤੇ ਸਦਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ। ਅੰਤ ਵਿੱਚ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ , ਵਿਧਾਨ ਸਭਾ ਦੇ ਸਾਰੇ ਮੈਂਬਰਾਂ ਅਤੇ ਰਾਜਪਾਲ ਪੰਜਾਬ ਦਾ ਧੰਨਵਾਦ ਕੀਤਾ ਜਿਹਨਾਂ ਦੀ ਯੋਗ ਅਗਵਾਈ ਚ ਇਹ ਕਾਨੂੰਨ ਹੋਂਦ ਵਿੱਚ ਆ ਸਕਿਆ ।
Pehar TV ਪਹਿਰ ਟੀਵੀ
© Pehar TV | All Rights Reserved
0 Comments