ਘਨੌਰ 03 ਅਪ੍ਰੈਲ 2026 (ਬਿੰਦਰ ਜਵਾਲ਼ੀਆ)
ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਘਨੌਰ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਅੱਜ ਆਮ ਆਦਮੀ ਪਾਰਟੀ ਉੱਤੇ ਤਿੱਖਾ ਹਮਲਾ ਬੋਲਦਿਆਂ ਚਿਤਾਵਨੀ ਦਿੱਤੀ ਹੈ ਕਿ ਰਾਘਵ ਚੱਢਾ ਨਾਲ ਚੱਲ ਰਿਹਾ ਅੰਦਰੂਨੀ ਝਗੜਾ ਗੈਰ-ਕਾਨੂੰਨੀ ਪੈਸੇ ਦੀ ਲੈਣ-ਦੇਣ ਕਰਕੇ ਹੈ ਅਤੇ ਇਹ ਝਗੜਾ ਆਉਣ ਵਾਲੇ ਦਿਨਾਂ ਵਿੱਚ ਹੋਰ ਤਿੱਖਾ ਹੋਵੇਗਾ, ਜਿਸ ਨਾਲ ਆਪ ਲੀਡਰਸ਼ਿਪ ਦੇ ਸਾਰੇ ਗੈਰ-ਕਾਨੂੰਨੀ ਅਤੇ ਭ੍ਰਿਸ਼ਟਾਚਾਰੀ ਮਾਮਲੇ ਖੁੱਲ੍ਹ ਕੇ ਸਾਹਮਣੇ ਆ ਜਾਣਗੇ।ਝਿੰਜਰ ਨੇ ਕਿਹਾ, ਰਾਘਵ ਚੱਢਾ ਅਤੇ ਆਪ ਦੀ ਟਾਪ ਲੀਡਰਸ਼ਿਪ ਵਿਚਾਲੇ ਚੱਲ ਰਿਹਾ ਘਿਣੌਣਾ ਝਗੜਾ ਸਿਧਾਂਤਾਂ ਜਾਂ ਆਦਰਸ਼ਾਂ ਬਾਰੇ ਨਹੀਂ ਹੈ — ਇਹ ਪੂਰੀ ਤਰ੍ਹਾਂ ਕਾਲੇ ਧਨ ਅਤੇ ਗੈਰ-ਕਾਨੂੰਨੀ ਲਾਭਾਂ ਦੀ ਵੰਡ ਬਾਰੇ ਹੈ। ਇਹ ਵਿਵਾਦ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ ਹੋਵੇਗਾ ਅਤੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਆਪ ਦੀ ਪੂਰੀ ਲੀਡਰਸ਼ਿਪ ਦੇ ਸਾਰੇ ਗੈਰ-ਕਾਨੂੰਨੀ ਅਤੇ ਭ੍ਰਿਸ਼ਟਾਚਾਰੀ ਪਰਦਾਫਾਸ਼ ਹੋਵੇਗਾ ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਿੱਖੀ ਆਲੋਚਨਾ ਕਰਦਿਆਂ ਸਰਬਜੀਤ ਸਿੰਘ ਝਿੰਜਰ ਨੇ ਕਿਹਾ, ਭਗਵੰਤ ਮਾਨ ਵੱਲੋਂ ਪੰਜਾਬ ਦੀ ਰਾਜ ਸਭਾ ਕੋਟਾ ਦੀ ਦੁਰਵਰਤੋਂ ਕਰਕੇ ਯੋਗ ਪੰਜਾਬੀਆਂ ਦੀ ਬਜਾਏ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਬਾਹਰਲੇ ਲੋਕਾਂ ਨੂੰ ਭੇਜਣਾ ਬਹੁਤ ਸ਼ਰਮਨਾਕ ਹੈ। ਇਹ ਆਯਾਤੀ ਲੀਡਰਾਂ ਦਾ ਪੰਜਾਬ ਨਾਲ ਕੋਈ ਲਗਾਅ ਨਹੀਂ ਹੈ ਅਤੇ ਉਹ ਰਾਜ ਦੇ ਅਸਲ ਮੁੱਦਿਆਂ ਨੂੰ ਕਦੇ ਵੀ ਉਠਾਉਣਗੇ ਨਹੀਂ। ਇਹ ਪੰਜਾਬੀ ਲੋਕਾਂ ਨਾਲ ਸਿੱਧੀ ਧੋਖਾਧੜੀ ਹੈ ।ਝਿੰਜਰ ਨੇ ਰਾਘਵ ਚੱਢਾ ਉੱਤੇ ਹੋਰ ਹਮਲਾ ਬੋਲਦਿਆਂ ਕਿਹਾ, “ਜਦੋਂ ਪੰਜਾਬ ਹੜ੍ਹਾਂ ਨਾਲ ਤਬਾਹ ਹੋ ਰਿਹਾ ਸੀ, ਅੰਤਰਰਾਸ਼ਟਰੀ ਟ੍ਰੇਡ ਰੂਟ ਬੰਦ ਹੋਣ, ਕਰਤਾਰਪੁਰ ਸਾਹਿਬ ਕਾਰੀਡੋਰ ਦੇ ਲਟਕਦੇ ਮੁੱਦਿਆਂ ਅਤੇ ਬਾਰਡਰ ਏਰੀਏ ਦੀਆਂ ਉਦਯੋਗਿਕ ਸਮੱਸਿਆਵਾਂ ਨਾਲ ਜੂਝ ਰਿਹਾ ਸੀ, ਉਦੋਂ ਰਾਘਵ ਚੱਢਾ ‘ਸਮੋਸਾ’ ਵਰਗੇ ਫਜ਼ੂਲ ਮੁੱਦਿਆਂ ਉੱਤੇ ਬੋਲ ਰਿਹਾ ਸੀ। ਉਸ ਨੇ ਇੱਕ ਵਾਰ ਵੀ ਸੰਸਦ ਵਿੱਚ ਪੰਜਾਬ ਜਾਂ ਪੰਜਾਬੀਆਂ ਲਈ ਆਵਾਜ਼ ਨਹੀਂ ਉਠਾਈ। ਉਸ ਦੀਆਂ ਤਰਜੀਹਾਂ ਬਿਲਕੁਲ ਸਾਫ਼ ਹਨ।ਯੂਥ ਅਕਾਲੀ ਦਲ ਲੀਡਰ ਨੇ ਆਪ ਲੀਡਰਸ਼ਿਪ ਨੂੰ ਚਿਤਾਵਨੀ ਦਿੰਦਿਆਂ ਕਿਹਾ, ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੋ। ‘ਆਮ ਆਦਮੀ’ ਦਾ ਮਾਸਕ ਹੁਣ ਉੱਤਰ ਚੁੱਕਾ ਹੈ। ਲੋਕ ਇਹ ਨਹੀਂ ਭੁੱਲੇ ਕਿ ਕੇਜਰੀਵਾਲ, ਮਨੀਸ਼ ਸਿਸੋਦੀਆ, ਸਤਿੰਦਰ ਜੈਨ ਅਤੇ ਆਪ ਦੀ ਟਾਪ ਲੀਡਰਸ਼ਿਪ ਸ਼ਰਾਬ ਘੁਟਾਲੇ ਵਿੱਚ ਜੇਲ੍ਹ ਗਈ ਸੀ। ਉਹੀ ਭ੍ਰਿਸ਼ਟ ਗੈਂਗ ਹੁਣ ਭਗਵੰਤ ਮਾਨ ਰਾਹੀਂ ਪੰਜਾਬ ਉੱਤੇ ਰਾਜ ਕਰ ਰਿਹਾ ਹੈ।
ਸਰਬਜੀਤ ਸਿੰਘ ਝਿੰਜਰ ਨੇ ਪੂਰੀ ਤਾਕਤ ਨਾਲ ਜੋਰ ਦਿੰਦਿਆਂ ਕਿਹਾ, “ਪੰਜਾਬ ਵਿੱਚ ਆਪ ਦੇ ਦਿਨ ਗਿਣੇ ਹੋਏ ਹਨ। ਪੰਜਾਬੀ ਲੋਕਾਂ ਨੇ ਹੁਣ ਇਸ ਪਾਰਟੀ ਦੀ ਅਸਲੀਅਤ ਸਮਝ ਲਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਆਪ ਨੂੰ ਪੂਰੀ ਤਰ੍ਹਾਂ ਬਾਹਰ ਧੱਕ ਦੇਣਗੇ। ਪੰਜਾਬ ਪੰਜਾਬੀਆਂ ਦਾ ਹੈ ਅਤੇ ਇਸ ਉੱਤੇ ਉਨ੍ਹਾਂ ਲੀਡਰਾਂ ਦਾ ਹੀ ਰਾਜ ਹੋਵੇਗਾ ਜੋ ਸੱਚਮੁੱਚ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਸੋਚਦੇ ਹਨ।
Pehar TV ਪਹਿਰ ਟੀਵੀ
© Pehar TV | All Rights Reserved
0 Comments