![]() |
| ਬੱਸ ਨੂੰ ਰਵਾਨਾ ਕਰਦੇ ਹੋਏ ਸਰਪੰਚ ਅਮਰਿੰਦਰ ਸਿੰਘ ਰਾਠੀਆਂ |
ਸਨੌਰ, 19 ਮਈ (ਜਪਅਨੰਤਪ੍ਰੀਤ ਸਿੰਘ)
ਪੰਜਾਬ ਸਰਕਾਰ ਵੱਲੋਂ ਆਮ ਲੋਕਾਂ, ਖ਼ਾਸ ਕਰਕੇ ਬਜ਼ੁਰਗਾਂ ਅਤੇ ਸ਼ਰਧਾਲੂਆਂ ਨੂੰ ਦੇਸ਼ ਦੇ ਪ੍ਰਸਿੱਧ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਹਲਕਾ ਸਨੌਰ ਦੇ ਪਿੰਡ ਰਾਠੀਆ ਤੋਂ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਨੂੰ ਸ਼ਾਨਦਾਰ ਢੰਗ ਨਾਲ ਰਵਾਨਾ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਅਤੇ ਬਲਾਕ ਸਨੌਰ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਠੀਆ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਾਈ ਅਤੇ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਫੁੱਲ ਮਾਲਾਵਾਂ ਪਾ ਕੇ ਅਤੇ ਸ਼ੁਭਕਾਮਨਾਵਾਂ ਦੇ ਕੇ ਵਿਦਾ ਕੀਤਾ। ਸਮਾਗਮ ਦੌਰਾਨ ਪਿੰਡ ਵਾਸੀਆਂ ਵਿੱਚ ਭਾਰੀ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਇਸ ਮੌਕੇ ਅਮਰਿੰਦਰ ਸਿੰਘ ਰਾਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਹਡਾਣਾ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼ੁਰੂ ਕੀਤੀ ਗਈ ਇਹ ਯੋਜਨਾ ਬਹੁਤ ਹੀ ਸ਼ਲਾਘਾਯੋਗ ਅਤੇ ਲੋਕ-ਹਿਤੈਸ਼ੀ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਕਈ ਅਜਿਹੇ ਪਰਿਵਾਰ ਹਨ ਜੋ ਆਰਥਿਕ ਕਾਰਨਾਂ ਕਰਕੇ ਤੀਰਥ ਯਾਤਰਾ ‘ਤੇ ਨਹੀਂ ਜਾ ਸਕਦੇ, ਪਰ ਹੁਣ ਸਰਕਾਰ ਦੀ ਇਸ ਯੋਜਨਾ ਨਾਲ ਉਹਨਾਂ ਨੂੰ ਮੁਫ਼ਤ ਵਿੱਚ ਪਵਿੱਤਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸਿਰਫ਼ ਇੱਕ ਸਰਕਾਰੀ ਸਕੀਮ ਨਹੀਂ, ਸਗੋਂ ਲੋਕਾਂ ਦੀਆਂ ਆਸਥਾਵਾਂ ਅਤੇ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਇਕ ਮਹੱਤਵਪੂਰਨ ਉਪਰਾਲਾ ਹੈ। ਇਸ ਨਾਲ ਬਜ਼ੁਰਗਾਂ, ਮਹਿਲਾਵਾਂ ਅਤੇ ਆਮ ਪਰਿਵਾਰਾਂ ਨੂੰ ਖ਼ਾਸ ਲਾਭ ਮਿਲ ਰਿਹਾ ਹੈ। ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਨੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਲੰਮੇ ਸਮੇਂ ਤੋਂ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਦੀ ਇੱਛਾ ਇਸ ਯੋਜਨਾ ਰਾਹੀਂ ਪੂਰੀ ਹੋ ਰਹੀ ਹੈ ।ਬੱਸ ਰਵਾਨਾ ਹੋਣ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਸ਼ਰਧਾਲੂਆਂ ਦੀ ਸੁਖਮਈ ਯਾਤਰਾ ਲਈ ਅਰਦਾਸ ਕੀਤੀ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸਮੂਹ ਪਿੰਡ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਰਿਹਾ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਯੋਜਨਾਵਾਂ ਨਾਲ ਲੋਕਾਂ ਦਾ ਸਰਕਾਰ ‘ਤੇ ਭਰੋਸਾ ਹੋਰ ਮਜ਼ਬੂਤ ਹੁੰਦਾ ਹੈ ਅਤੇ ਸਮਾਜਿਕ ਸਾਂਝ ਨੂੰ ਵੀ ਬਲ ਮਿਲਦਾ ਹੈ।
Pehar TV ਪਹਿਰ ਟੀਵੀ

0 Comments