ਹਲਕਾ ਸਨੌਰ ਦੇ ਪ੍ਰਮੁੱਖ ਆਮ ਆਦਮੀ ਪਾਰਟੀ ਆਗੂ ਅਤੇ ਕਨਵੇਅਰ ਦੇ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਪਿੰਡ ਚੌਰਾ ਦੀ ਮਸਜਿਦ ਵਿੱਚ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਉਲ ਅਜ਼ਹਾ (ਬਕਰੀਦ) ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਈਦ ਉਲ ਅਜ਼ਹਾ ਸਿਰਫ਼ ਇਕ ਧਾਰਮਿਕ ਤਿਉਹਾਰ ਨਹੀਂ, ਸਗੋਂ ਸਮਾਜ ਨੂੰ ਆਪਸੀ ਪਿਆਰ, ਭਾਈਚਾਰੇ ਅਤੇ ਇਕਤਾ ਦੇ ਧਾਗੇ ਵਿੱਚ ਜੋੜਨ ਵਾਲਾ ਪਵਿੱਤਰ ਦਿਹਾੜਾ ਹੈ। ਸੰਧੂ ਨੇ ਕਿਹਾ ਕਿ ਇਹ ਤਿਉਹਾਰ ਜਿੱਥੇ ਹਰ ਇਨਸਾਨ ਨੂੰ ਅੱਲ੍ਹਾ ਦੀ ਇਬਾਦਤ ਕਰਨ ਲਈ ਪ੍ਰੇਰਿਤ ਕਰਦਾ ਹੈ, ਉੱਥੇ ਮਨੁੱਖਤਾ ਦੀ ਭਲਾਈ ਅਤੇ ਇਕ-ਦੂਜੇ ਦੀ ਮਦਦ ਕਰਨ ਦਾ ਸੰਦੇਸ਼ ਵੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਹਰ ਸਾਲ ਇਸ ਪਵਿੱਤਰ ਮੌਕੇ ‘ਤੇ ਮੁਸਲਿਮ ਭਾਈਚਾਰੇ ਵਿਚ ਪਹੁੰਚਦੇ ਹਨ ਅਤੇ ਹਰ ਵਾਰ ਉਨ੍ਹਾਂ ਨੂੰ ਭਾਈਚਾਰੇ ਵੱਲੋਂ ਬੇਅੰਤ ਪਿਆਰ ਅਤੇ ਸਤਿਕਾਰ ਮਿਲਦਾ ਹੈ ਉਨ੍ਹਾਂ ਆਖਿਆ ਕਿ ਮਨੁੱਖਤਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਸਾਰੇ ਧਾਰਮਿਕ ਗ੍ਰੰਥ, ਸਮਾਗਮ ਅਤੇ ਤਿਉਹਾਰ ਮਨੁੱਖ ਨੂੰ ਵਾਹਿਗੁਰੂ, ਅੱਲ੍ਹਾ ਅਤੇ ਪਰਮਾਤਮਾ ਨਾਲ ਜੋੜਦੇ ਹੋਏ ਸਮਾਜਿਕ ਭਲਾਈ ਲਈ ਪ੍ਰੇਰਿਤ ਕਰਦੇ ਹਨ। ਸੰਧੂ ਨੇ ਕਿਹਾ ਕਿ ਈਦ ਉਲ ਅਜ਼ਹਾ ਵਰਗੇ ਪਵਿੱਤਰ ਤਿਉਹਾਰ ਸਮਾਜ ਵਿੱਚ ਪਿਆਰ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ। ਇਸ ਦਿਨ ਲੋਕ ਆਪਸੀ ਗਿਲੇ-ਸ਼ਿਕਵੇ ਭੁਲਾ ਕੇ ਇਕ-ਦੂਜੇ ਦੇ ਗਲੇ ਮਿਲਦੇ ਹਨ, ਜਿਸ ਨਾਲ ਨਫ਼ਰਤ, ਈਰਖਾ ਅਤੇ ਵਖਰੇਵੇਂ ਪਿਆਰ ਅਤੇ ਆਪਣੇਪਨ ਵਿੱਚ ਤਬਦੀਲ ਹੋ ਜਾਂਦੇ ਹਨ। ਇਸ ਮੌਕੇ ਇੰਦਰਜੀਤ ਸਿੰਘ ਸੰਧੂ ਦੇ ਓਐਸਡੀ ਅਮਰ ਅਲੀ, ਅਕਰਮ ਸਦੀਕੀ ਅਤੇ ਚਰਨਜੀਤ ਖ਼ਾਨ ਉਰਫ਼ ਮੋਰ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਨਗਰ ਨਿਗਮ ਪਟਿਆਲਾ ਦੇ ਹੀਰਾ ਬਾਗ ਤੋਂ ਕੌਂਸਲਰ ਕੁਲਵੰਤ ਸਿੰਘ ਲਾਲਕਾ, ਕੌਂਸਲਰ ਦਵਿੰਦਰ ਸਿੰਘ ਗੋਲਡੀ, ਮਨਪ੍ਰੀਤ ਸਿੰਘ ਮਹਿਮਦਪੁਰ, ਅਵਤਾਰ ਸਿੰਘ ਹੀਰਾਬਾਗ, ਮਨਜੀਤ ਸਿੰਘ ਸੰਧੂ, ਸ਼ਕੀਲ ਅਹਿਮਦ ਖ਼ਾਨ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਪਿੰਡ ਵਾਸੀ ਹਾਜ਼ਿਰ ਸਨ।
Pehar TV ਪਹਿਰ ਟੀਵੀ

0 Comments