Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

22 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਲਾਸ਼ ਨੂੰ ਅੰਮ੍ਰਿਤਸਰ ਦੀਆਂ ਸੜਕਾਂ ’ਤੇ ਘੁਮਾਇਆ; ਝਿੰਜਰ ਨੇ ਕਿਹਾ ਪੰਜਾਬ ਬਣਿਆ ਅਪਰਾਧੀਆਂ ਦਾ ਅੱਡਾ

 



ਘਨੌਰ, 17 ਮਈ (ਜਪਅਨੰਤਪ੍ਰੀਤ ਸਿੰਘ)

 ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਹਲਕਾ ਘਨੌਰ ਦੇ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਦੋਸ਼ ਲਗਾਇਆ ਕਿ ਉਹਨਾਂ ਨੇ ਪੰਜਾਬ ਨੂੰ ਅਪਰਾਧੀਆਂ ਲਈ ਸੁਰੱਖਿਅਤ ਪਨਾਹਗਾਹ ਬਣਾ ਦਿੱਤਾ ਹੈ ਅਤੇ ਸੂਬੇ ਵਿੱਚ ਲਗਾਤਾਰ ਵੱਧ ਰਹੀਆਂ ਹਿੰਸਕ ਵਾਰਦਾਤਾਂ ਪ੍ਰਤੀ ਬੇਪਰਵਾਹ ਰਵੱਈਆ ਅਪਣਾਇਆ ਹੋਇਆ ਹੈ।ਝਿੰਜਰ ਦਾ ਇਹ ਬਿਆਨ ਅੰਮ੍ਰਿਤਸਰ ਦੇ ਸ਼ਰੀਫਪੁਰਾ ਇਲਾਕੇ ਵਿੱਚ ਵਾਪਰੀ ਇੱਕ ਦਹਿਲਾ ਦੇਣ ਵਾਲੀ ਗੈਂਗਵਾਰ ਹੱਤਿਆ ਤੋਂ ਬਾਅਦ ਸਾਹਮਣੇ ਆਇਆ, ਜਿਸ ਨੇ ਇੱਕ ਵਾਰ ਫਿਰ ਸੂਬੇ ਵਿੱਚ ਵੱਧ ਰਹੇ ਗੈਂਗਸਟਰ ਕਲਚਰ ਦੀ ਭਿਆਨਕ ਤਸਵੀਰ ਪੇਸ਼ ਕੀਤੀ ਹੈ। ਤੁੰਗਬਾਲੀ ਦਾ ਰਹਿਣ ਵਾਲਾ 22 ਸਾਲਾ ਕੁਨਾਲ, ਜੋ ਇੱਕ ਸੈਲੂਨ ਕਰਮਚਾਰੀ ਸੀ, ਦੇਰ ਰਾਤ ਖਾਣਾ ਖਾਣ ਲਈ ਬਾਹਰ ਨਿਕਲਿਆ ਸੀ, ਜਿੱਥੇ ਉਸ ਦਾ ਕਥਿਤ ਤੌਰ ’ਤੇ ਪਿੱਛਾ ਕਰਕੇ ਵੀਰਵਾਰ ਤੜਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦੋਸ਼ੀਆਂ ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਉਸ ਦੀ ਲਾਸ਼ ਨੂੰ ਸਕੂਟਰ ’ਤੇ ਸੜਕਾਂ ’ਤੇ ਘੁਮਾਇਆ, ਵੀਡੀਓ ਬਣਾਈ ਅਤੇ ਕਥਿਤ ਮਾਸਟਰਮਾਈਂਡ ਤੱਕ ਪਹੁੰਚਾਈ।ਪੁਲਿਸ ਮੁਤਾਬਕ ਇਹ ਕਤਲ ਗੈਂਗ ਰੰਜਿਸ਼ ਦਾ ਨਤੀਜਾ ਹੈ, ਜਿਸ ਵਿੱਚ ਗੈਂਗਸਟਰ ਸੁੱਖਾ ਅੰਬਰਸਰੀਆ ਨਾਲ ਜੁੜੇ ਨੌਜਵਾਨਾਂ ਦਾ ਨਾਮ ਸਾਹਮਣੇ ਆ ਰਿਹਾ ਹੈ। ਮੁੱਖ ਦੋਸ਼ੀ ਵੰਸ਼ ਹਾਲੇ ਫਰਾਰ ਹੈ, ਜਦਕਿ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ ਅਤੇ ਕਈ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ।ਝਿੰਜਰ ਨੇ ਸੂਬੇ ਦੀ ਵਿਗੜਦੀ ਕਾਨੂੰਨ-ਵਿਵਸਥਾ ਲਈ ਸਿੱਧੇ ਤੌਰ ’ਤੇ ਆਪ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਕਿਹਾ, “ਇਹ ਕੋਈ ਇਕੱਲੀ ਘਟਨਾ ਨਹੀਂ ਹੈ। ਪਿਛਲੇ ਦਸ ਦਿਨਾਂ ਵਿੱਚ ਹੀ ਪੰਜਾਬ ਭਰ ਵਿੱਚ 20 ਤੋਂ ਵੱਧ ਕਤਲ, ਫਿਰੌਤੀਆਂ ਅਤੇ ਲੁੱਟਾ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ, ਪਰ ਭਗਵੰਤ ਮਾਨ ਇਸ ਸਭ ਤੋਂ ਅੱਖਾਂ ਮੀਚ ਕੇ ਬੈਠੇ ਹਨ।”ਉਹਨਾਂ ਦੋਸ਼ ਲਗਾਇਆ ਕਿ ਸਿਆਸੀ ਸਹਾਰੇ ਕਾਰਨ ਗੈਂਗਸਟਰ ਬੇਖੌਫ ਹੋ ਕੇ ਕੰਮ ਕਰ ਰਹੇ ਹਨ ਅਤੇ ਸਰਕਾਰ ਸੰਗਠਿਤ ਅਪਰਾਧ ਦੇ ਨੈੱਟਵਰਕ ਨੂੰ ਤੋੜਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਆਪ ਦੇ ‘ਗੈਂਗਸਟਰਾਂ ਤੇ ਵਾਰ’ ਅਤੇ ‘ਆਪਰੇਸ਼ਨ ਪ੍ਰਹਾਰ’ ਮੁਹਿੰਮਾਂ ਨੂੰ ਝਿੰਜਰ ਨੇ ਸਿਰਫ਼ ਖੋਖਲੇ ਪ੍ਰਚਾਰ ਸਟੰਟ ਕਰਾਰ ਦਿੱਤਾ ਅਤੇ ਪੁੱਛਿਆ ਕਿ ਪ੍ਰੈੱਸ ਕਾਨਫਰੰਸਾਂ ਅਤੇ ਇਸ਼ਤਿਹਾਰਾਂ ਤੋਂ ਇਲਾਵਾ ਸਰਕਾਰ ਨੇ ਅਸਲ ਵਿੱਚ ਕੀ ਕਾਰਵਾਈ ਕੀਤੀ ਹੈ।ਝਿੰਜਰ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਕੋਈ ਵੀ ਸੁਰੱਖਿਅਤ ਨਹੀਂ, ਨਾ ਘਰ ਦੇ ਅੰਦਰ ਅਤੇ ਨਾ ਹੀ ਬਾਹਰ। ਉਹਨਾਂ 2024 ਵਿੱਚ ਅੰਮ੍ਰਿਤਸਰ ਵਿੱਚ ਆਪਣੇ ਹੀ ਘਰ ਅੰਦਰ ਗੋਲੀਬਾਰੀ ਦਾ ਸ਼ਿਕਾਰ ਹੋਏ ਇੱਕ NRI ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਸੀ। ਉਹਨਾਂ 15 ਦਸੰਬਰ 2025 ਨੂੰ ਮੋਹਾਲੀ ਦੇ ਸੈਕਟਰ 79 ਸਟੇਡੀਅਮ ਵਿੱਚ ਟੂਰਨਾਮੈਂਟ ਦੌਰਾਨ ਸੈਂਕੜਿਆਂ ਲੋਕਾਂ ਸਾਹਮਣੇ ਗੋਲੀਆਂ ਮਾਰ ਕੇ ਕੀਤੇ ਗਏ ਰਾਣਾ ਬਲਾਚੌਰੀਆ ਦੇ ਕਤਲ ਦਾ ਵੀ ਹਵਾਲਾ ਦਿੱਤਾ।“ਜਦੋਂ ਅਪਰਾਧੀ ਖੇਡ ਮੈਦਾਨ ਵਿੱਚ ਘੁੱਸ ਕੇ ਗੋਲੀਆਂ ਚਲਾ ਸਕਦੇ ਹਨ, ਜਦੋਂ NRI ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ, ਤਾਂ ਇਹ ਸਰਕਾਰ ਲੋਕਾਂ ਨੂੰ ਕਿਹੜਾ ਸੰਦੇਸ਼ ਦੇ ਰਹੀ ਹੈ?” ਝਿੰਜਰ ਨੇ ਸਵਾਲ ਕੀਤਾ। ਉਹਨਾਂ ਕਿਹਾ ਕਿ ਇਹ ਸਿਰਫ਼ ਕੁਝ ਇਕੱਲੀਆਂ ਨਾਕਾਮੀਆਂ ਨਹੀਂ, ਸਗੋਂ ਆਪ ਸਰਕਾਰ ਹੇਠ ਪੁਲਿਸ ਪ੍ਰਣਾਲੀ ਦੇ ਪੂਰੀ ਤਰ੍ਹਾਂ ਫੇਲ੍ਹ ਹੋਣ ਦਾ ਨਤੀਜਾ ਹੈ।ਉਹਨਾਂ ਕਿਹਾ, “ਜਦੋਂ ਜਲੰਧਰ ਵਿੱਚ ਦਿਨ ਦਿਹਾੜੇ BJP ਆਗੂ ’ਤੇ ਗੋਲੀ ਚੱਲ ਸਕਦੀ ਹੈ ਅਤੇ ਅੰਮ੍ਰਿਤਸਰ ਵਿੱਚ 22 ਸਾਲਾ ਨੌਜਵਾਨ ਦੀ ਹੱਤਿਆ ਕਰਕੇ ਲਾਸ਼ ਸੜਕਾਂ ’ਤੇ ਘੁਮਾਈ ਜਾ ਸਕਦੀ ਹੈ, ਤਾਂ ਇਹ ਸਾਫ਼ ਹੈ ਕਿ ਪੰਜਾਬ ਵਿੱਚ ਅੱਜ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ।”ਝਿੰਜਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਤੁਰੰਤ ਦਖਲ ਦੀ ਮੰਗ ਕਰਦਿਆਂ ਸੂਬੇ ਵਿੱਚ ਵਿਗੜ ਰਹੀ ਸੁਰੱਖਿਆ ਸਥਿਤੀ ਦੀ ਉੱਚ-ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ।


Pehar TV ਪਹਿਰ ਟੀਵੀ 

© Pehar TV | All Rights Reserved

Post a Comment

0 Comments