![]() |
| ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਇੰਦਰਜੀਤ ਸਿੰਘ ਸੰਧੂ |
ਪਟਿਆਲਾ 19 ਮਈ (ਬਿੰਦਰ ਜਵਾਲੀਆ )
ਸਿੱਖੀ ਵਿੱਚ ਦਸਤਾਰ ਸਿਰਫ਼ ਸਿਰ ਉੱਤੇ ਬੰਨ੍ਹਿਆ ਜਾਣ ਵਾਲਾ ਕਪੜਾ ਨਹੀਂ, ਸਗੋਂ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਗਈ ਸ਼ਾਨ, ਸਵੈ-ਸਨਮਾਨ, ਅਨੁਸ਼ਾਸਨ ਅਤੇ ਕੌਮੀ ਪਹਿਚਾਣ ਦਾ ਅਮੋਲਕ ਪ੍ਰਤੀਕ ਹੈ। ਦਸਤਾਰਬੰਦੀ ਦਾ ਸਮਾਗਮ ਹਰ ਸਿੱਖ ਪਰਿਵਾਰ ਲਈ ਮਾਣ, ਖੁਸ਼ੀ ਅਤੇ ਆਤਮਿਕ ਅਨੁਭੂਤੀ ਦਾ ਵਿਸ਼ੇਸ਼ ਪਲ ਹੁੰਦਾ ਹੈ। ਇਸੇ ਤਰ੍ਹਾਂ ਦੇ ਪਵਿੱਤਰ ਅਤੇ ਭਾਵੁਕ ਮਾਹੌਲ ਵਿੱਚ ਦਿੱਲੀ ਦੇ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਦੇ ਦੋਵੇਂ ਪੁੱਤਰ ਪ੍ਰਥਮਵੀਰ ਸਿੰਘ ਅਤੇ ਹਰਸ਼ਵੀਰ ਸਿੰਘ ਦੀ ਦਸਤਾਰਬੰਦੀ ਦਾ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਪੰਜਾਬ ਵੇਅਰਹਾਉਸਿੰਗ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਤੇ ਹਲਕਾ ਸਨੌਰ ਦੇ ਸੀਨੀਅਰ 'ਆਪ' ਆਗੂ ਇੰਦਰਜੀਤ ਸਿੰਘ ਸੰਧੂ ਵਿਸ਼ੇਸ਼ ਤੌਰ ‘ਤੇ ਸਮਾਗਮ ਵਿੱਚ ਪਹੁੰਚੇ। ਉਨ੍ਹਾਂ ਨੇ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਦਸਤਾਰ ਸਿੱਖ ਕੌਮ ਦੀ ਵਿਲੱਖਣ ਪਹਿਚਾਣ ਹੈ ਅਤੇ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੀ ਇਸ ਮਹਾਨ ਵਿਰਾਸਤ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਨੇ ਪ੍ਰਥਮਵੀਰ ਸਿੰਘ ਅਤੇ ਹਰਸ਼ਵੀਰ ਸਿੰਘ ਨੂੰ ਅਸੀਸ ਦਿੰਦਿਆਂ ਉਨ੍ਹਾਂ ਦੇ ਚੰਗੇ ਸੰਸਕਾਰਾਂ, ਉੱਚੀ ਸੋਚ ਅਤੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ। ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਧਰਮਪਤਨੀ ਸੁਨੀਤਾ ਕੇਜਰੀਵਾਲ ਨੇ ਵੀ ਸ਼ਿਰਕਤ ਕਰਕੇ ਸਮਾਗਮ ਦੀ ਰੌਣਕ ਵਿੱਚ ਵਾਧਾ ਕੀਤਾ। ਉਨ੍ਹਾਂ ਨੇ ਪਰਿਵਾਰ ਨਾਲ ਮੁਲਾਕਾਤ ਕਰਦਿਆਂ ਬੱਚਿਆਂ ਨੂੰ ਸਿੱਖੀ ਦੇ ਮਾਰਗ ‘ਤੇ ਅਡੋਲ ਰਹਿਣ ਅਤੇ ਆਪਣੇ ਪਰਿਵਾਰ ਤੇ ਕੌਮ ਦਾ ਨਾਮ ਰੌਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਦਿੱਲੀ ਦੀ ਸਿੱਖ ਸੰਗਤ, ਧਾਰਮਿਕ ਅਤੇ ਰਾਜਨੀਤਿਕ ਹਸਤੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਜੁੜੇ ਪ੍ਰਮੁੱਖ ਸੇਵਾਦਾਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਸੰਗਤਾਂ ਨੇ ਬੱਚਿਆਂ ਨੂੰ ਅਸੀਸਾਂ ਦਿੱਤੀਆਂ ਅਤੇ ਇਸ ਸਮਾਗਮ ਨੂੰ ਸਿੱਖੀ ਦੀਆਂ ਪਰੰਪਰਾਵਾਂ ਅਤੇ ਧਾਰਮਿਕ ਸੰਸਕਾਰਾਂ ਦਾ ਪ੍ਰੇਰਣਾਦਾਇਕ ਪ੍ਰਤੀਕ ਕਰਾਰ ਦਿੱਤਾ। ਜਰਨੈਲ ਸਿੰਘ ਨੇ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਸੰਗਤਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਹਰ ਸਿੱਖ ਪਰਿਵਾਰ ਦੀ ਵੱਡੀ ਜ਼ਿੰਮੇਵਾਰੀ ਹੈ। ਦਸਤਾਰਬੰਦੀ ਦਾ ਇਹ ਸਮਾਗਮ ਸਿੱਖੀ ਦੀ ਮਹਾਨ ਵਿਰਾਸਤ, ਪਰਿਵਾਰਕ ਖੁਸ਼ੀ ਅਤੇ ਸਮਾਜਕ ਇਕਤਾ ਦਾ ਸੁੰਦਰ ਪ੍ਰਤੀਕ ਬਣ ਕੇ ਸਭ ਦੇ ਮਨਾਂ ‘ਤੇ ਅਮਿੱਟ ਛਾਪ ਛੱਡ ਗਿਆ।
Pehar TV ਪਹਿਰ ਟੀਵੀ

0 Comments