ਪ੍ਰੈਸ ਅਜ਼ਾਦੀ ਦਿਵਸ – ਸੱਚ ਦੀ ਆਵਾਜ਼ ਦਾ ਸਤਿਕਾਰ
ਹਰ ਸਾਲ 3 ਮਈ ਨੂੰ ਮਨਾਇਆ ਜਾਣ ਵਾਲਾ ਪ੍ਰੈਸ ਅਜ਼ਾਦੀ ਦਿਵਸ ਸਿਰਫ਼ ਇਕ ਦਿਨ ਨਹੀਂ, ਸਗੋਂ ਲੋਕਤੰਤਰ ਦੀ ਰੂਹ ਨੂੰ ਜਿਉਂਦਾ ਰੱਖਣ ਵਾਲੀ ਸੋਚ ਦਾ ਪ੍ਰਤੀਕ ਹੈ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਇਕ ਅਜ਼ਾਦ ਮੀਡੀਆ ਬਿਨਾਂ ਨਾ ਸੱਚ ਸਾਹਮਣੇ ਆ ਸਕਦਾ ਹੈ ਅਤੇ ਨਾ ਹੀ ਲੋਕਾਂ ਦੀ ਆਵਾਜ਼ ਤਾਕਤਵਰ ਬਣ ਸਕਦੀ ਹੈ।ਪ੍ਰੈਸ ਨੂੰ ਲੋਕਤੰਤਰ ਦਾ ਚੌਥਾ ਸਤੰਭ ਕਿਹਾ ਜਾਂਦਾ ਹੈ। ਇਹ ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਦੇ ਹਰ ਹਿੱਸੇ ਉੱਤੇ ਨਿਗਰਾਨੀ ਰੱਖਦਾ ਹੈ। ਜਦੋਂ ਪੱਤਰਕਾਰ ਨਿਡਰ ਹੋ ਕੇ ਸੱਚਾਈ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ, ਤਦੋਂ ਹੀ ਲੋਕ ਸਹੀ ਫੈਸਲੇ ਲੈ ਸਕਦੇ ਹਨ। ਪਰ ਇਹ ਕੰਮ ਆਸਾਨ ਨਹੀਂ ਹੁੰਦਾ। ਦੁਨੀਆ ਦੇ ਕਈ ਹਿੱਸਿਆਂ ਵਿੱਚ ਪੱਤਰਕਾਰਾਂ ਨੂੰ ਧਮਕੀਆਂ, ਦਬਾਅ ਅਤੇ ਕਈ ਵਾਰ ਆਪਣੀ ਜਾਨ ਤੱਕ ਗਵਾਉਣੀ ਪੈਂਦੀ ਹੈ।ਇਸ ਦਿਨ ਦੀ ਸ਼ੁਰੂਆਤ UNESCO ਵੱਲੋਂ ਕੀਤੀ ਗਈ ਸੀ, ਤਾਂ ਜੋ ਪੱਤਰਕਾਰਤਾ ਦੀ ਅਜ਼ਾਦੀ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਉਹਨਾਂ ਪੱਤਰਕਾਰਾਂ ਨੂੰ ਸਲਾਮ ਕੀਤਾ ਜਾਵੇ ਜੋ ਸੱਚ ਲਈ ਆਪਣੀ ਜ਼ਿੰਦਗੀ ਤੱਕ ਨਿਉਛਾਵਰ ਕਰਦੇ ਹਨ।ਅੱਜ ਦੇ ਡਿਜ਼ਿਟਲ ਯੁੱਗ ਵਿੱਚ ਪ੍ਰੈਸ ਦੀ ਭੂਮਿਕਾ ਹੋਰ ਵੀ ਵੱਡੀ ਹੋ ਗਈ ਹੈ। ਸੋਸ਼ਲ ਮੀਡੀਆ ਤੇ ਝੂਠੀਆਂ ਖ਼ਬਰਾਂ ਤੇ ਅਫਵਾਹਾਂ ਦੇ ਦੌਰ ਵਿੱਚ ਸੱਚੀ ਅਤੇ ਪ੍ਰਮਾਣਿਤ ਜਾਣਕਾਰੀ ਦੀ ਲੋੜ ਹੋਰ ਵੱਧ ਗਈ ਹੈ। ਇਥੇ ਪ੍ਰੈਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਤੱਥਾਂ ਦੀ ਪੜਤਾਲ ਕਰਕੇ ਸਹੀ ਖ਼ਬਰਾਂ ਹੀ ਪੇਸ਼ ਕਰੇ।ਪ੍ਰੈਸ ਅਜ਼ਾਦੀ ਸਿਰਫ਼ ਪੱਤਰਕਾਰਾਂ ਲਈ ਨਹੀਂ, ਸਗੋਂ ਹਰ ਨਾਗਰਿਕ ਲਈ ਜ਼ਰੂਰੀ ਹੈ। ਜਦੋਂ ਮੀਡੀਆ ਅਜ਼ਾਦ ਹੁੰਦਾ ਹੈ, ਤਦੋਂ ਹੀ ਸਮਾਜ ਵਿੱਚ ਪਾਰਦਰਸ਼ਤਾ, ਨਿਆਂ ਅਤੇ ਜਵਾਬਦੇਹੀ ਬਣੀ ਰਹਿੰਦੀ ਹੈ।ਅੱਜ ਦੀ ਲੀਡਰਸ਼ਿਪ ਨੂੰ ਅਜ਼ਾਦ ਮੀਡੀਆ ਨਹੀਂ, ਸਿਰਫ਼ ਆਪਣੀ ਤਾਰੀਫ਼ ਕਰਨ ਵਾਲਾ ਮੀਡੀਆ ਚਾਹੀਦਾ ਹੈ। ਜੋ ਪੱਤਰਕਾਰ ਸਵਾਲ ਪੁੱਛਦਾ ਹੈ, ਉਹਨਾਂ ਨੂੰ “ਐਂਟੀ” ਦਾ ਟੈਗ ਲਗਾ ਦਿੱਤਾ ਜਾਂਦਾ ਹੈ। ਜੋ ਸੱਚ ਸਾਹਮਣੇ ਲਿਆਉਂਦਾ ਹੈ, ਉਸ ‘ਤੇ ਕੇਸ, ਦਬਾਅ ਜਾਂ ਨੌਕਰੀ ਦਾ ਖ਼ਤਰਾ ਖੜ੍ਹਾ ਕਰ ਦਿੱਤਾ ਜਾਂਦਾ ਹੈ।ਇਹ ਸਿੱਧਾ ਸੰਦੇਸ਼ ਹੈ—“ਸੱਚ ਬੋਲਣਾ ਹੈ ਤਾਂ ਨਤੀਜੇ ਭੁਗਤਣੇ ਪੈਣਗੇ।ਸਭ ਤੋਂ ਵੱਡਾ ਖ਼ਤਰਾ ਇਹ ਨਹੀਂ ਕਿ ਮੀਡੀਆ ਚੁੱਪ ਕਰਵਾ ਦਿੱਤਾ ਗਿਆ ਹੈ, ਸਭ ਤੋਂ ਵੱਡਾ ਖ਼ਤਰਾ ਇਹ ਹੈ ਕਿ ਮੀਡੀਆ ਦਾ ਇੱਕ ਹਿੱਸਾ ਆਪਣੇ ਆਪ ਹੀ ਚੁੱਪ ਹੋ ਗਿਆ ਹੈ। ਜਦੋਂ ਖ਼ਬਰਾਂ ਸੱਤਾ ਦੇ ਹੱਕ ਵਿੱਚ ਬਣਨ ਲੱਗ ਜਾਣ ਅਤੇ ਸੱਚ ਨੂੰ ਮੋੜਿਆ ਜਾਣ ਲੱਗੇ, ਤਦੋਂ ਲੋਕਤੰਤਰ ਸਿਰਫ਼ ਕਾਗਜ਼ਾਂ ‘ਚ ਰਹਿ ਜਾਂਦਾ ਹੈ।ਲੀਡਰਸ਼ਿਪ ਦੀ ਅਸਲੀ ਕਸੌਟੀ ਇਹ ਨਹੀਂ ਕਿ ਉਹ ਆਪਣੇ ਹੱਕ ਵਿੱਚ ਕਿੰਨੀ ਖ਼ਬਰਾਂ ਦਿਖਵਾ ਸਕਦੀ ਹੈ, ਬਲਕਿ ਇਹ ਹੈ ਕਿ ਉਹ ਆਪਣੇ ਖ਼ਿਲਾਫ਼ ਆਵਾਜ਼ ਨੂੰ ਕਿੰਨਾ ਬਰਦਾਸ਼ਤ ਕਰ ਸਕਦੀ ਹੈ। ਜਿੱਥੇ ਸਵਾਲ ਪੁੱਛਣਾ ਗੁਨਾਹ ਬਣ ਜਾਵੇ, ਓਥੇ ਆਜ਼ਾਦੀ ਸਿਰਫ਼ ਇੱਕ ਝੂਠਾ ਨਾਅਰਾ ਹੁੰਦੀ ਹੈ।ਪ੍ਰੈਸ ਅਜ਼ਾਦੀ ਦਿਵਸ ‘ਤੇ ਫੁੱਲ ਚੜ੍ਹਾਉਣ ਨਾਲ ਕੁਝ ਨਹੀਂ ਬਦਲੇਗਾ। ਬਦਲਾਅ ਤਦੋਂ ਆਵੇਗਾ ਜਦੋਂ ਲੀਡਰਸ਼ਿਪ ਸੱਚ ਨੂੰ ਸਹਿਣਾ ਸਿੱਖੇਗੀ, ਜਵਾਬਦੇਹੀ ਨੂੰ ਸਵੀਕਾਰੇਗੀ ਅਤੇ ਪੱਤਰਕਾਰਾਂ ਨੂੰ ਦੁਸ਼ਮਣ ਨਹੀਂ, ਲੋਕਤੰਤਰ ਦਾ ਸਾਥੀ ਮੰਨੇਗੀ।ਅਖੀਰ ਵਿੱਚ ਸਵਾਲ ਸਿੱਧਾ ਹੈ—ਕੀ ਸੱਤਾ ਸੱਚ ਨੂੰ ਸੁਣਨ ਲਈ ਤਿਆਰ ਹੈ, ਜਾਂ ਫਿਰ ਸਿਰਫ਼ ਆਪਣੀ ਆਵਾਜ਼ ਹੀ ਸੁਣਨਾ ਚਾਹੁੰਦੀ ਹੈ?ਪ੍ਰੈਸ ਅਜ਼ਾਦੀ ਦਿਵਸ ਸਾਨੂੰ ਇਹ ਸਿੱਖਾਉਂਦਾ ਹੈ ਕਿ ਸੱਚ ਦੀ ਰੱਖਿਆ ਲਈ ਅਜ਼ਾਦੀ ਬਹੁਤ ਜ਼ਰੂਰੀ ਹੈ। ਆਓ ਇਸ ਦਿਨ ਤੇ ਅਸੀਂ ਸੱਚ, ਨਿਆਂ ਅਤੇ ਅਜ਼ਾਦ ਅਵਾਜ਼ਾਂ ਦੀ ਕਦਰ ਕਰੀਏ ਅਤੇ ਉਹਨਾਂ ਦਾ ਸਤਿਕਾਰ ਕਰੀਏ ਜੋ ਹਰ ਰੋਜ਼ ਸੱਚ ਨੂੰ ਸਾਹਮਣੇ ਲਿਆਉਣ ਲਈ ਜੁੱਝ ਰਹੇ ਹਨ।
ਪੱਤਰਕਾਰ ਬਿੰਦਰ ਜਵਾਲੀਆ
0 Comments