ਹਲਕਾ ਸਨੌਰ ਤੋਂ ਆਪ ਦੇ ਆਗੂ ਅਤੇ ਕੌਨਵੇਅਰ ਪੰਜਾਬ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਘਰ ਵਿੱਚ ਕਿਰਪਾਨ ਰੱਖਣਾ ਕੋਈ ਜੁਰਮ ਨਹੀਂ ਹੈ ਅਤੇ ਇਸ ਨੂੰ ਅਪਰਾਧ ਦੀ ਨਜ਼ਰ ਨਾਲ ਦੇਖਣਾ ਗਲਤ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਸਾਧਨ ਆਪਣੇ ਘਰ ਵਿੱਚ ਰੱਖਣ ਦਾ ਅਧਿਕਾਰ ਹੈ। ਸੰਧੂ ਨੇ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਘਰਾਂ ਵਿੱਚ ਲੋਕ ਆਪਣੀ ਲੋੜ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਕਿਸਮ ਦੇ ਸੰਦ ਜਾਂ ਬਿਨਾਂ ਲਾਇਸੈਂਸ ਵਾਲੇ ਰਵਾਇਤੀ ਹਥਿਆਰ ਰੱਖਦੇ ਹਨ। ਪੇਂਡੂ ਖੇਤਰਾਂ ਵਿੱਚ ਦਾਤਰ, ਗੰਡਾਸਾ, ਕਿਰਪਾਨ ਅਤੇ ਹੋਰ ਖੇਤੀਬਾੜੀ ਨਾਲ ਸਬੰਧਤ ਸੰਦ ਆਮ ਤੌਰ ’ਤੇ ਘਰਾਂ ਵਿੱਚ ਮੌਜੂਦ ਹੁੰਦੇ ਹਨ। ਅਜਿਹੀਆਂ ਵਸਤਾਂ ਨੂੰ ਸਿਰਫ਼ ਹਥਿਆਰ ਸਮਝ ਕੇ ਸ਼ੱਕ ਦੀ ਨਜ਼ਰ ਨਾਲ ਦੇਖਣਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਕਿਰਪਾਨ ਦਾ ਵਿਸ਼ੇਸ਼ ਧਾਰਮਿਕ ਅਤੇ ਇਤਿਹਾਸਕ ਮਹੱਤਵ ਹੈ। ਇਹ ਕੇਵਲ ਸਵੈ-ਰੱਖਿਆ ਦਾ ਪ੍ਰਤੀਕ ਹੀ ਨਹੀਂ, ਸਗੋਂ ਸੱਚ, ਨਿਆਂ ਅਤੇ ਕਮਜ਼ੋਰਾਂ ਦੀ ਰੱਖਿਆ ਦਾ ਸੰਦੇਸ਼ ਵੀ ਦਿੰਦੀ ਹੈ। ਇਸ ਲਈ ਕਿਰਪਾਨ ਨੂੰ ਕਿਸੇ ਗੈਰ-ਕਾਨੂੰਨੀ ਵਸਤੂ ਵਜੋਂ ਪੇਸ਼ ਕਰਨਾ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸੰਵਿਧਾਨਕ ਅਤੇ ਧਾਰਮਿਕ ਅਧਿਕਾਰਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਸੰਵੇਦਨਸ਼ੀਲਤਾ ਨਾਲ ਕੰਮ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਭਾਈਚਾਰੇ ਵਿੱਚ ਬੇਲੋੜੀ ਚਿੰਤਾ ਜਾਂ ਨਾਰਾਜ਼ਗੀ ਪੈਦਾ ਨਾ ਹੋਵੇ।
Pehar TV ਪਹਿਰ ਟੀਵੀ

0 Comments