ਹਲਕਾ ਸਨੌਰ ਦੇ ਸੀਨੀਅਰ ਕਾਂਗਰਸੀ ਆਗੂ ਤੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ ਕਾਂਗਰਸ ਦੇ ਸੂਬਾ ਉਪ ਪ੍ਰਧਾਨ ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਆਪਣੇ ਸਾਥੀਆਂ ਸਮੇਤ ਸਨੌਰ ਵਿਖੇ ਆਮ ਆਦਮੀ ਪਾਰਟੀ (ਆਪ) ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਥਾਨਕ ਮੁੱਦਿਆਂ ਨੂੰ ਉਭਾਰਿਆ। ਧਰਨੇ ਨੂੰ ਸੰਬੋਧਨ ਕਰਦਿਆਂ ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਕਿਹਾ ਕਿ ਸਨੌਰ ਦੇ ਲੋਕ ਲੰਮੇ ਸਮੇਂ ਤੋਂ ਫਿਰਨੀ ਦੀ ਸਮੱਸਿਆ ਨਾਲ ਜੂਝ ਰਹੇ ਹਨ, ਪਰ ਸਰਕਾਰ ਵੱਲੋਂ ਇਸ ਦੇ ਹੱਲ ਲਈ ਕੋਈ ਢੁੱਕਵੇਂ ਕਦਮ ਨਹੀਂ ਚੁੱਕੇ ਜਾ ਰਹੇ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਵੀ ਫਿਰਨੀ ਦੇ ਨਿਰਮਾਣ ਜਾਂ ਮੁਰੰਮਤ ਸਬੰਧੀ ਗੱਲ ਕੀਤੀ ਜਾਂਦੀ ਹੈ ਤਾਂ ਸੱਤਾਧਾਰੀ ਪਾਰਟੀ ਦੇ ਕੁਝ ਆਗੂ ਜਲਦੀ ਹੱਲ ਦੇ ਭਰੋਸੇ ਦਿੰਦੇ ਹਨ, ਪਰ ਜ਼ਮੀਨੀ ਪੱਧਰ 'ਤੇ ਕੋਈ ਕੰਮ ਨਜ਼ਰ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਵਿਕਾਸ ਦੇ ਵਾਅਦੇ ਸਿਰਫ਼ ਬਿਆਨਾਂ ਤੱਕ ਸੀਮਤ ਰਹਿ ਗਏ ਹਨ ਅਤੇ ਲੋਕਾਂ ਨੂੰ ਅਸਲ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਨੌਰ ਦੀ ਫਿਰਨੀ ਸਮੇਤ ਹੋਰ ਬੁਨਿਆਦੀ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ, ਨਹੀਂ ਤਾਂ ਲੋਕਾਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਧਰਨੇ ਵਿੱਚ ਕਾਂਗਰਸ ਵਰਕਰਾਂ ਅਤੇ ਸਥਾਨਕ ਨਿਵਾਸੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਸ਼ਮਸ਼ੇਰ ਸਿੰਘ ਪ੍ਰਧਾਨ ਐੱਸ.ਸੀ. ਸੈਲ ਬਲਾਕ ਸਨੌਰ, ਗੁਰਸੇਵਕ ਸਿੰਘ ਪ੍ਰਧਾਨ ਐੱਸ.ਸੀ. ਸੈੱਲ ਬਲਾਕ ਭੁਨਰਹੇੜੀ, ਦੀਪ ਚੰਦ ਸਰਪੰਚ, ਸੁਖੀ ਪ੍ਰਧਾਨ ਮਾੜੀ ਮੰਦਰ, ਹਨੀ ਜਾਫਰਪੁਰ ਸਕੱਤਰ ਐੱਸ.ਸੀ. ਸੈੱਲ ਪੰਜਾਬ, ਰਣਧੀਰ ਗਿੱਲ, ਸੱਤੀ ਰਾਠੀਆ, ਸਰਬਜੀਤ ਨੂਰਖੇੜੀਆ, ਪਰਮਜੀਤ ਖਾਲਸਾ ਰਾਏਪੁਰ, ਰੋਬਿਨ ਵਿਰਕ, ਹਰਪ੍ਰੀਤ ਮੁਰਾਦਪੁਰ, ਹਰਪ੍ਰੀਤ ਸਨੌਰ, ਰਜਤ ਭਾਟੀਆ, ਅਰੁਣ ਵਰਤੀਆ, ਸਿਮਰਨਜੋਤ ਮਹਿਮਦਪੁਰ ਅਤੇ ਪੰਕਜ ਧਾਲੀਵਾਲ ਤੇ ਹੋਰ ਮੌਜੂਦ ਸਨ।
Pehar TV ਪਹਿਰ ਟੀਵੀ

0 Comments